ਜਲੰਧਰ: ਪੰਜਾਬ ਵਿੱਚ ਛੇ ਮਹੀਨਿਆਂ ਬਾਅਦ ਇੱਕ ਵਾਰ ਫੇਰ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਪਰ ਇਸ ਵਾਰ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੇ ਹਾਲਾਤ ਪਹਿਲੇ ਕਈ ਵਾਰ ਹੋ ਚੁੱਕੀਆਂ ਚੋਣਾਂ ਵਾਂਗ ਨਹੀਂ ਹਨ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਅਜੇ ਵੀ ਪੰਜਾਬ ਵਿੱਚ ਆਪਣੇ ਪੈਰ ਪੂਰੀ ਤਰ੍ਹਾਂ ਨਹੀਂ ਪਸਾਰ ਸਕੀ ਓਧਰ ਅਕਾਲੀ ਦਲ ਨੇ ਪਹਿਲੀ ਵਾਰ ਭਾਜਪਾ ਦਾ ਸਾਥ ਛੱਡ ਕੇ ਬਹੁਜਨ ਸਮਾਜ ਪਾਰਟੀ ਦਾ ਹੱਥ ਫੜ ਲਿਆ ਹੈ ਅਤੇ ਕਾਂਗਰਸ ਵਿਚ ਆਪਸ ਵਿੱਚ ਹੀ ਕਲੇਸ਼ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਹੈ। ਦੂਜੇ ਪਾਸੇੇ ਭਾਰਤੀ ਜਨਤਾ ਪਾਰਟੀ ਜੋ ਅੱਜ ਤੋਂ ਇਕ ਸਾਲ ਪਹਿਲੇ ਪੰਜਾਬ ਵਿੱਚ ਅਕਾਲੀ ਦਲ ਤੋਂ ਬਗੈਰ ਇਨ੍ਹਾਂ ਚੋਣਾਂ ਨੂੰ ਜਿੱਤਣ ਦਾ ਦਾਅਵਾ ਕਰਦੀ ਸੀ ਅੱਜ ਖ਼ਾਲੀ ਹੱਥ ਨਜ਼ਰ ਆ ਰਹੀ ਹੈ।
2022 ਦੀਆਂ ਚੋਣਾਂ ‘ਚ ਬੀਜੇਪੀ ਦਾ ਕੀ ਹੈ ਸਿਆਸੀ ਭਵਿੱਖ ? ਵੇਖੋ ਇਹ ਖਾਸ ਰਿਪੋਰਟ
ਜੇਕਰ ਗੱਲ 2017 ਦੀਆਂ ਚੋਣਾਂ ਦੀ ਕਰੀਏ ਤਾਂ ਇਨ੍ਹਾਂ ਚੋਣਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣੇ ਤੌਰ ‘ਤੇ ਚੋਣਾਂ ਲੜੀਆਂ ਸਨ ਜਦਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਆਪਸ ਵਿੱਚ ਗੱਠਜੋੜ ਸੀ ਜਿਸ ਵਿੱਚ 94 ਸੀਟਾਂ ਅਕਾਲੀ ਦਲ ਕੋਲ ਸੀ ਅਤੇ 23 ਸੀਟਾਂ ‘ਤੇ ਭਾਜਪਾ ਨੇ ਚੋਣ ਲੜੀ ਸੀ ਪਰ ਪਿਛਲੇ ਚੌਵੀ ਸਾਲਾਂ ਤੋਂ ਚੱਲ ਰਿਹਾ ਇਹ ਗੱਠਜੋੜ ਹੁਣ ਟੁੱਟ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਹੁਣ ਸਾਰੀਆਂ ਸੀਟਾਂ ਉੱਤੇ ਖੁਦ ਚੋਣਾਂ ਲੜਨ ਲਈ ਤਿਆਰ ਹੈ।
117 ਸੀਟਾਂ ਤੇ ਲੜਨ ਦੀ ਤਿਆਰੀ ‘ਚ ਭਾਜਪਾ
ਇਨ੍ਹਾਂ ਪੂਰੇ ਹਾਲਾਤਾਂ ਵਿਚ ਇਸ ਵਾਰ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਤਕਰੀਬਨ ਖਾਲੀ ਹੱਥ ਨਜ਼ਰ ਆ ਰਹੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਜਪਾ ਨੂੰ ਪੰਜਾਬ ਵਿੱਚ ਰਾਜਨੀਤਿਕ ਦਲਾਂ ਦੇ ਵਿਰੋਧ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਵੀ ਝੱਲਣਾ ਪੈ ਰਿਹਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਪਿੰਡਾਂ ਵਿਚ ਜਾਣਾ ਤੇ ਦੂਰ ਸ਼ਹਿਰਾਂ ਵਿੱਚ ਘੁੰਮਣਾ ਵੀ ਮੁਸ਼ਕਿਲ ਹੋ ਗਿਆ ਹੈ।
ਪਿੰਡਾਂ ਚ ਭਾਜਪਾ ਦਾ ਵਿਰੋਧ ਜਾਰੀ
ਇਕ ਪਾਸੇ ਜਿਥੇ ਭਾਜਪਾ ਉੱਪਰ ਕਿਸਾਨ ਪੂਰੀ ਤਰ੍ਹਾਂ ਭਾਰੂ ਨੇ ਓਧਰ ਦੂਸਰੇ ਪਾਸੇ ਪੰਜਾਬ ਦੀਆਂ ਬਾਕੀ ਪਾਰਟੀਆਂ ਵੀ ਭਾਜਪਾ ਉੱਪਰ ਕਿਸਾਨੀ ਮੁੱਦੇ ਨੂੰ ਪੂਰੀ ਤਰ੍ਹਾਂ ਥੋਪ ਕੇ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਕਿਨਾਰੇ ਲਾਉਣਾ ਚਾਹੁੰਦੀਆਂ ਹਨ।
ਵਿਰੋਧੀਆਂ ਦੇ ਨਿਸ਼ਾਨੇ ‘ਤੇ ਭਾਜਪਾ
ਪੰਜਾਬ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਆਪਣੇ ਪੈਰ ਨਹੀਂ ਪਸਾਰ ਪਾਈ ਹੈ ਪਰ ਅੱਜ ਉਹ ਕਿਸੇ ਵੀ ਮੌਕੇ ‘ਤੇ ਇਹ ਕਹਿਣੋਂ ਨਹੀਂ ਝੁਕਦੀ ਕਿ ਪੰਜਾਬ ਜੋ ਕਿ ਇਕ ਕਿਸਾਨੀ ਸੂਬਾ ਹੈ ਇਸ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਕਰਕੇ ਭਾਜਪਾ ਨੂੰ ਪੰਜਾਬ ਵਿੱਚ ਕੋਈ ਵੀ ਆਪਣੇ ਨਾਲ ਖੜ੍ਹਾ ਕਰਨਾ ਨਹੀਂ ਚਾਹੁੰਦਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਬੂਲਾਰੇ ਡਾ ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਸ ਵਾਰ ਪੰਜਾਬ ਵਿੱਚ ਚੋਣਾਂ ਜਿੱਤਣ ਦਾ ਮਕਸਦ ਕਦੀ ਵੀ ਪੂਰਾ ਨਹੀਂ ਹੋਵੇਗਾ
ਭਾਜਪਾ ਦਾ ਘਰੋਂ ਨਿਕਲਣਾ ਮੁਸ਼ਕਿਲ-ਅਕਾਲੀ ਦਲ
ਓਧਰ ਅਕਾਲੀ ਦਲ ਦੇ ਆਗੂ ਕਰਮਬੀਰ ਸਿੰਘ ਗੁਰਾਇਆ ਦਾ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਸਿਆਸੀ ਮੀਟਿੰਗਾਂ ਕਰਨਾ ਤਾਂ ਦੂਰ ਘਰੋਂ ਨਿਕਲਣਾ ਵੀ ਮੁਮਕਿਨ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਲਾਗੂ ਕੀਤੇ ਗਏ ਤਿੰਨ ਕਾਨੂੰਨ ਵਾਪਸ ਨਹੀਂ ਲੈ ਲਏ ਜਾਂਦੇ ਉਨ੍ਹਾਂ ਸਮਾਂ ਭਾਜਪਾ ਦੀਆਂ ਘੱਟ ਨਹੀਂ ਸਕਦੀਆਂ।
177 ਤਾਂ ਦੂਰ 17 ਸੀਟਾਂ ਜਿੱਤਣਾ ਮੁਸ਼ਕਿਲ-ਕਾਂਗਰਸ
ਭਾਜਪਾ ਦੇ ਆਉਣ ਵਾਲੀਆਂ ਚੋਣਾਂ ਵਿੱਚ ਲੜਨ ਦੇ ਮੁੱਦੇ ‘ਤੇ ਬੋਲਦੇ ਹੋਏ ਕਾਂਗਰਸੀ ਵਰਿੰਦਰਮੀਤ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਲਈ ਇੱਕ ਸੌ ਸਤਾਰਾਂ ਸੀਟਾਂ ‘ਤੇ ਦੂਰ ਸਤਾਰਾਂ ਸੀਟਾਂ ‘ਤੇ ਵੀ ਚੋਣਾਂ ਜਿੱਤਣਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਆਗੂ ਆਪਣੀ ਚੋਣਾਂ ਦੀ ਚਿੰਤਾ ਛੱਡ ਕੇ ਪਹਿਲਾਂ ਕਿਸਾਨਾਂ ਦੀ ਚਿੰਤਾ ਕਰਨ ਤਾਂ ਕਿ ਜੋ ਕਿਸਾਨ ਸੜਕਾਂ ‘ਤੇ ਬੈਠੇ ਹਨ ਉਹ ਆਪਣੇ ਘਰਾਂ ਵਿੱਚ ਜਾ ਸਕਣ।
ਭਾਜਪਾ ਦਾ ਸੂਬੇ ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ
ਉੱਧਰ ਇਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਪ੍ਰਤੀਕਿਰਿਆਵਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਜੇ ਵੀ ਪੰਜਾਬ ਵਿੱਚ ਪੂਰੀ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨ ਨੂੰ ਤਿਆਰ ਬੈਠੀ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਪਹਿਲਾਂ ਹੀ ਚਾਹੁੰਦੀ ਸੀ ਕਿ ਪੰਜਾਬ ਵਿੱਚ ਭਾਜਪਾ ਇਕੱਲੀ ਸਾਰੀਆਂ ਸੀਟਾਂ ‘ਤੇ ਚੋਣਾਂ ਲੜੇ ਅਤੇ ਹੁਣ ਜਦ ਭਾਜਪਾ ਸਾਰੀਆਂ ਸੀਟਾਂ ‘ਤੇ ਇਕੱਲਿਆਂ ਚੋਣਾਂ ਲੜਨ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਸੂਬੇ ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਵੀ ਠੋਕਿਆ ਹੈ।
ਫਿਲਹਾਲ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਇਸ ਗੱਲ ਵਿੱਚ ਤਾਂ ਕੋਈ ਦੋ ਰਾਇ ਨਹੀਂ ਕਿ ਆਉਣ ਵਾਲੀਆਂ 2022 ਦੀਆ ਚੋਣਾਂ ਵਿੱਚ ਇਸ ਵੇਲੇ ਹਰ ਪਾਰਟੀ ਉੱਪਰ ਕੋਈ ਨਾ ਕੋਈ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ ਪਰ ਜੋ ਹਾਲਾਤ ਕਿਸਾਨੀ ਮੁੱਦੇ ਕਰਕੇ ਭਾਜਪਾ ਦੇ ਬਣੇ ਹੋਏ ਹਨ ਅਤੇ ਤੇਈ ਸੀਟਾਂ ਤੋਂ ਸਿੱਧੇ ਇੱਕ ਸੌ ਸਤਾਰਾਂ ਸੀਟਾਂ ‘ਤੇ ਚੋਣਾਂ ਲੜਨ ਦੇ ਹੌਸਲੇ ਉੱਪਰ ਭਾਜਪਾ ਟਿਕੀ ਹੋਈ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇੰਨੇ ਵਿਰੋਧ ਅਤੇ ਸਿਆਸੀ ਪਾਰਟੀਆਂ ਦੇ ਹਮਲਿਆਂ ਤੋਂ ਬਾਅਦ ਇਨ੍ਹਾਂ ਚੋਣਾਂ ਵਿੱਚ " ਭਾਜਪਾ ਦਾ ਬੇੜਾ ਆਰ ਹੁੰਦਾ ਹੈ ਕਿ ਪਾਰ "।
ਇਹ ਵੀ ਪੜ੍ਹੋ:ਰੈਲੀ ਨੂੰ ਕਾਲੀਆਂ ਝੰਡੀਆਂ ਵਿਖਾਉਣ ‘ਤੇ ਭੜਕੇ ਸੁਖਬੀਰ ਬਾਦਲ, ਦਿੱਤਾ ਇਹ ਵੱਡਾ ਬਿਆਨ