ਜਲੰਧਰ:ਜ਼ਿਲ੍ਹੇ ਦੇ ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਪਿੰਡ (Village Bhagwanpura) ਦਾ ਨਾਮ 1982 ਦੇ ਵਿੱਚ ਪਿੰਡ ਦੇ ਵਿੱਚ ਮੌਜੂਦ ਗੁਰਦੁਆਰੇ ਦੇ ਨਾਮ ਤੋਂ ਰੱਖਿਆ ਗਿਆ ਜਿਸ ਤੋਂ ਬਾਅਦ ਇਸ ਪਿੰਡ ਨੂੰ ਭਗਵਾਨਪੁਰੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਹਲਕਾ ਕਰਤਾਰਪੁਰ ਦੇ ਪਿੰਡ ਭਗਵਾਨਪੁਰਾ ਦੇ ਵਿੱਚ ਉਸੇ ਤਰ੍ਹਾਂ ਹੀ ਕਈ ਕਮੀਆਂ ਹਨ ਜਿਸ ਤਰ੍ਹਾਂ ਆਮ ਪਿੰਡਾਂ ਦੇ ਵਿੱਚ ਹਨ। ਇੱਥੋਂ ਦੇ ਪਿੰਡ ਵਾਸੀਆਂ ਦਾ ਕਹਿਣੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ (Congress Government) ਨੂੰ ਸਾਢੇ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਉਨ੍ਹਾਂ ਦੇ ਪਿੰਡ ਦੇ ਵਿੱਚ ਵਿਕਾਸ ਦੇ ਕੰਮਾਂ ਨੂੰ ਨਾਮਾਤਰ ਦੇ ਰੂਪ ਵਿੱਚ ਹੀ ਕੀਤਾ ਗਿਆ ਹੈ।
ਪਿੰਡ ਚ ਨਹੀਂ ਸ਼ਮਸ਼ਾਨਘਾਟ
ਉਨ੍ਹਾਂ ਦਾ ਕਹਿਣੈ ਕਿ ਜੇਕਰ ਕੰਮ ਕੀਤਾ ਵੀ ਗਿਆ ਹੈ ਇੱਕਾ-ਦੁੱਕਾ ਹੀ ਕੀਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਮ੍ਰਿਤਕ ਦੇਹ ਨੂੰ ਦੂਸਰੇ ਪਿੰਡ ਜਿੱਥੇ ਕਿ ਸ਼ਮਸ਼ਾਨਘਾਟ (Cemetery) ਮੌਜੂਦ ਹੈ ਉੱਥੇ ਜਾ ਕੇ ਸਸਕਾਰ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਇਸ ਸਮੱਸਿਆ ਨੂੰ ਪਹਿਲੀ ਵੱਡੀ ਸਮੱਸਿਆ ਦੱਸਿਆ ਹੈ। ਨਾਲ ਹੀ ਲੋਕਾਂ ਦਾ ਕਹਿਣੈ ਕਿ ਪਿੰਡ ਦੇ ਵਿੱਚ ਕੋਈ ਪੰਚਾਇਤ ਘਰ (Panchayat House) ਨਹੀਂ ਹੈ ਜਿੱਥੇ ਕਿ ਕੋਈ ਪੰਚਾਇਤ ਮੀਟਿੰਗ ਕੀਤੀ ਜਾਵੇ ਨਾ ਹੀ ਕੋਈ ਸਾਂਝੀ ਥਾਂ ਹੈ ਜਿੱਥੇ ਉਹ ਕੋਈ ਪ੍ਰੋਗਰਾਮ ਕਰਵਾ ਸਕਣ। ਉਨ੍ਹਾਂ ਕਿਹਾ ਇੱਥੇ ਸੁਵਿਧਾ ਸੈਂਟਰ ਦੀ ਵੀ ਘਾਟ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕੰਮਾਂ ਕਾਰਾਂ ਦੇ ਲਈ ਪਿੰਡ ਤੋਂ ਬਾਹਰ ਜਾਣਾ ਪੈਂਦਾ ਹੈ ਤੇ ਪਿੰਡ ਤੋਂ ਬਾਹਰ ਜਾਣ ਦੇ ਚੱਲਦੇ ਉਨ੍ਹਾਂ ਦਾ ਸਾਰਾ ਦਿਨ ਉਸ ਕੰਮ ਵਿੱਚ ਹੀ ਲੰਘ ਜਾਂਦਾ ਹੈ।
ਗਰਾਊਂਡ ਦੀ ਘਾਟ
ਅਜਿਹੀ ਹੋਰ ਕਮੀਆਂ ਦੱਸਦੇ ਹੋਏ ਪਿੰਡ ਵਾਸੀ ਤੇ ਨੌਜਵਾਨਾਂ ਨੇ ਕਿਹਾ ਹੈ ਕਿ ਪਿੰਡ ਦੇ ਵਿੱਚ ਕੋਈ ਗਰਾਊਂਡ ਵੀ ਨਹੀਂ ਹੈ ਜਿੱਥੇ ਕਿ ਨੌਜਵਾਨ ਖੇਡਾਂ ਵੱਲ ਪ੍ਰਭਾਵਿਤ ਹੋ ਕੇ ਖੇਡ ਵੱਲ ਆਕਰਸ਼ਿਤ ਹੋਵੇ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਕੋਈ ਵੀ ਗਰਾਊਂਡ ਨਾ ਹੋਣ ਕਰ ਕੇ ਕਈ ਨੌਜਵਾਨ ਨਸ਼ਿਆਂ ਵਾਲੇ ਲੱਗ ਜਾਂਦੇ ਹਨ ਜਿਸ ’ਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਇਹ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਇਕ ਗਰਾਊਂਡ ਵੀ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਹੋਰ ਚੀਜਾਂ ਵੱਲ ਸਮਾਂ ਖਰਾਬ ਕਰਨ ਦੀ ਬਜਾਇ ਗਰਾਊਂਡ ਵਿੱਚ ਆ ਕੇ ਆਪਣਾ ਸਮਾਂ ਬਿਤਾਉਣ ਤਾਂ ਜੋ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕਣ।