ਜਲੰਧਰ: ਪੂਰੇ ਦੇਸ਼ ਵਿੱਚ ਅੱਜ 15 ਤੋ 18 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਦੇ ਚਲਦੇ ਜਲੰਧਰ ਵਿਖੇ ਅੱਜ ਬੱਚਿਆਂ ਲਈ ਕੋਵਿਡ ਟੀਕਾਕਰਨ ਪ੍ਰਕਿਰਿਆ ਨੂੰ ਸ਼ੁਰੂ (vaccination of children against corona virus) ਕਰ ਦਿੱਤਾ ਗਿਆ ਹੈ। ਇਸ ਮੌਕੇ ਸਿਵਲ ਸਰਜਨ ਰਣਜੀਤ ਸਿੰਘ ਨੇ ਇਸ ਦੀ ਰਸਮੀ ਸ਼ੁਰੂਆਤ ਕੀਤੀ। ਟੀਕਾਕਰਨ ਦੀ ਇਸ ਪ੍ਰਕਿਰਿਆ ਨੂੰ ਲੈ ਕੇ ਜਲੰਧਰ ਵਿਚ ਪੰਦਰਾਂ ਤੋਂ ਅਠਾਰਾਂ ਸਾਲ ਦੇ ਬੱਚਿਆਂ ਵਿੱਚ ਵੀ ਖੂਬ ਉਤਸ਼ਾਹ ਦੇਖਣ ਨੂੰ ਮਿਲਿਆ। ਆਪਣੇ ਟੀਕਾਕਰਨ ਲਈ ਸਵੇਰ ਤੋਂ ਹੀ ਬੱਚੇ ਲਾਈਨਾਂ ਵਿੱਚ ਲੱਗ ਵੈਕਸੀਨੇਸ਼ਨ ਕਰਵਾਉਂਦੇ ਹੋਏ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਜਲੰਧਰ ਵਿਚ ਬੱਚਿਆਂ ਨੂੰ ਲੱਗਣ ਵਾਲੀ ਇਸ ਵੈਕਸੀਨੇਸ਼ਨ ਲਈ ਚਾਰ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇੰਨ੍ਹਾਂਂ ਵਿੱਚ ਈ ਐੱਸ ਆਈ ਡਿਸਪੈਂਸਰੀ , ਮਹਾਂਵੀਰ ਜੈਨ ਸਕੂਲ ਵਿਜੈਨਗਰ , ਅਰਬਨ ਪ੍ਰਾਇਮਰੀ ਹੈਲਥ ਸੈਂਟਰ ਅਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਮਕਸੂਦਾਂ ਸ਼ਾਮਿਲ ਹੈ। ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿੱਚ ਪੰਦਰਾਂ ਸਾਲ ਤੋਂ ਲੈ ਕੇ ਅਠਾਰਾਂ ਸਾਲ ਤੱਕ ਦੇ ਕਰੀਬ ਇੱਕ ਲੱਖ ਦੱਸ ਹਜ਼ਾਰ ਬੱਚਿਆਂ ਨੂੰ ਇਹ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਸ ਮੌਕੇ ਵੈਕਸੀਨੇਸ਼ਨ ਲਗਵਾਉਣ ਆਏ ਬੱਚਿਆਂ ਨੇ ਦੱਸਿਆ ਹੈ ਕਿ ਉਹ ਪਹਿਲਾਂ ਹੀ ਆਪਣੇ ਸਕੂਲਾਂ ਤੋਂ ਦੋ ਸਾਲ ਦੂਰ ਰਹੇ ਹਨ ਅਤੇ ਉਹ ਹੁਣ ਨਹੀਂ ਚਾਹੁੰਦੇ ਕਿ ਵੈਕਸੀਨੇਸ਼ਨ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਨੀ ਪਵੇ। ਬੱਚਿਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਟੀਕਾਕਰਨ ਸ਼ੁਰੂ ਹੋ ਚੁੱਕਿਆ ਹੈ ਤਾਂ ਹਰ ਬੱਚੇ ਨੂੰ ਇਹ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਣ ਦੇ ਨਾਲ ਨਾਲ ਇੱਕ ਦੂਸਰੇ ਨੂੰ ਇਸ ਤੋਂ ਬਚਾ ਕੇ ਵੀ ਰੱਖਿਆ ਜਾ ਸਕੇ।