ਜਲੰਧਰ/ਫਿਲੌਰ: ਗੋਰਾਇਆ ਪਿੰਡ ਦੀ ਇੱਕ ਮਹਿਲਾ 'ਤੇ ਅਣਪਛਾਤੇ ਵਿਅਕਤੀ ਵੱਲੋਂ ਡੰਡਿਆਂ ਨਾਲ ਵਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੈ ਤੇ ਉਸ ਨੂੰ ਬੜਾ ਪਿੰਡ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਹਿਲਾ ਦੀ ਪਛਾਣ ਕੁਸੁਮ ਵਜੋਂ ਹੋਈ ਹੈ, ਜਿਸ ਦੇ ਪਤੀ ਸੁਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਕੁਸੁਮ ਗੁਰਾਇਆ ਪਿੰਡ ਦੇ ਰਾਮਗੜ੍ਹੀਆ ਮੁਹੱਲੇ ਦੀ ਵਾਸੀ ਹੈ।
ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਇੱਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਉਸ ਦੀ ਭਰਜਾਈ ਕਿਸੇ ਦੇ ਘਰ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਜਦੋਂ ਉਹ ਆਪਣਾ ਕੰਮ ਖ਼ਤਮ ਕਰਕੇ ਘਰ ਪਰਤ ਰਹੀ ਸੀ ਤਾਂ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਨੂੰ ਕਿਹਾ ਕਿ ਉਸ ਦੇ ਘਰ ਦਾ ਕੰਮ ਕਰਨਾ ਹੈ, ਜਿਸ ਦੇ ਬਦਲੇ ਉਸ ਨੂੰ ਪੈਸੇ ਦਿੱਤੇ ਜਾਣਗੇ। ਕੁਸਮ ਵੱਲੋਂ ਵਾਰ-ਵਾਰ ਮਨ੍ਹਾ ਕਰਨ ਦੇ ਬਾਅਦ ਵੀ ਉਹ ਵਿਅਕਤੀ ਕੁਸਮ ਨਾਲ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਰੁੜਕਾ ਖਰੜ ਲੈ ਗਿਆ।