ਸ੍ਰੀ ਅਨੰਦਪੁਰ ਸਾਹਿਬ ਗਏ ਦੋ ਨੌਜਵਾਨਾਂ ਦੀ ਦਰਿਆ 'ਚ ਡੁੱਬਣ ਨਾਲ ਮੌਤ ਜਲੰਧਰ: ਹੋਲੇ-ਮਹੱਲੇ ਮੌਕੇ ਕਪੂਰਥਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਗਏ ਦੋ ਨੌਜਵਾਨਾਂ ਦੀ ਦਰਿਆ ਵਿਚ ਡੁੱਬਣ ਨਾਲ ਮੌਤ ਗੋ ਗਈ ਹੈ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਗੋਤਾਖੋਰਾਂ ਵੱਲੋਂ ਬਰਾਮਦ ਕਰ ਲਈ ਗਈ ਹੈ, ਜਦਕਿ ਦੂਜੇ ਦੀ ਭਾਲ ਹਾਲੇ ਜਾਰੀ ਹੈ। ਨੌਜਵਾਨਾਂ ਦੀ ਮੌਤ ਨਾਲ ਇਨ੍ਹਾਂ ਦੇ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਪੈਰ ਫਿਸਲਣ ਨਾਲ ਦਰਿਆ ਵਿੱਚ ਡੁੱਬੇ :ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਮਪੁਰਾ ਕਪੂਰਥਲਾ ਅਤੇ ਬੀਰ ਸਿੰਘ ਸਿਮਰਨ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਪਿੰਡ ਇੱਬਣ ਜ਼ਿਲ੍ਹਾ ਕਪੂਰਥਲਾ ਹੋਲਾ-ਮਹੱਲਾ ਲਈ ਆਨੰਦਪੁਰ ਸਾਹਿਬ ਗਏ ਸਨ। ਦੇਰ ਰਾਤ ਦੋਵੇਂ ਨੌਜਵਾਨ ਬਾਥਰੂਮ ਜਾਣ ਤੋਂ ਬਾਅਦ ਦਰਿਆ ਵਾਲੀ ਸਾਈਡ ਹੱਥ ਧੋਣ ਲੱਗੇ ਤਾਂ ਅਚਾਨਕ ਸਿਮਰਨ ਸਿੰਘ ਦਾ ਪੈਰ ਫਿਸਲ ਗਿਆ ਅਤੇ ਉਹ ਦਰਿਆ ਵਿਚ ਡੁੱਬ ਗਿਆ।
ਇਹ ਵੀ ਪੜ੍ਹੋ :Young Man Committed Suicide: ਭਵਾਨੀਗੜ੍ਹ ਦੇ ਰਹਿਣ ਵਾਲੇ ਵਿਅਕਤੀ ਨੇ ਕੀਤੀ ਖੁਦਕੁਸ਼ੀ, ਬਣਾਇਆ ਵੀਡੀਓ
ਬਚਾਉਣ ਗਏ ਸਾਥੀ ਦੀ ਵੀ ਹੋਈ ਮੌਤ:ਇਸ ਦੌਰਾਨ ਉਸਨੂੰ ਬਚਾਉਣ ਲਈ ਉਸਦਾ ਸਾਥੀ ਬੀਰ ਸਿੰਘ ਸਿਮਰਨ ਗਿਆ ਜੋ ਕਿ ਉਸਦੇ ਨਾਲ ਹੀ ਡੁੱਬ ਗਿਆ। ਮੌਕੇ ਉਤੇ ਘਟਨਾ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਨੂੰ ਕੱਢ ਲਿਆ ਹੈ ਜਦਕਿ ਬੀਰ ਸਿੰਘ ਸਿਮਰਨ ਦੀ ਭਾਲ ਜਾਰੀ ਹੈ। ਪਰਿਵਾਰ ਵਾਲਿਆਂ ਨੂੰ ਇਸ ਘਟਨਾ ਸਬੰਧੀ ਸੂਚਨਾ ਦਿੱਤੀ ਗਈ ਹੈ ਮੌਕੇ 'ਤੇ ਪਰਿਵਾਰ ਵਾਲੇ ਪਹੁੰਚੇ। ਇਸ ਘਟਨਾ ਨੂੰ ਲੈ ਕੇ ਦੋਹਾਂ ਪਰਿਵਾਰਾਂ 'ਚ ਸੋਗ ਦੀ ਲਹਿਰ ਦੌੜ ਪਈ ਹੈ।
ਦੋਵਾਂ ਦੀ ਮੌਤ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ: ਘਰੋਂ ਹੋਲਾ ਮਹੱਲਾ ਦੇਖਣ ਗਏ ਨੌਜਵਾਨਾਂ ਨਾਲ ਇਹ ਹਾਦਸਾ ਵਾਪਰਨ ਤੋਂ ਬਾਅਦ ਇਨ੍ਹਾਂ ਦੇ ਪਰਿਵਾਰ ਦੇ ਨਾਲ ਨਾਲ ਇਲਾਕੇ ਵਿੱਚ ਵੀ ਸ਼ੋਕ ਦੀ ਲਹਿਰ ਹੈ। ਪਰਿਵਾਰ ਵਾਲਿਆਂ ਦਾ ਵੀ ਕਹਿਣਾ ਹੈ ਕਿ ਜਦੋਂ ਦੁਖਦਾਈ ਘਟਨਾ ਦੀ ਸੂਚਨਾ ਮਿਲੀ ਤਾਂ ਦੋਵੇਂ ਪਰਿਵਾਰਾਂ ਦੇ ਲੋਕ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ। ਜਾਣਕਾਰੀ ਮੁਤਾਬਿਕ ਇਹ ਘਟਨਾ ਕੋਂਗਾ ਦੇ ਭਾਈਵਾਲਾਂ ਇਲਾਕੇ ਵਿਚ ਵਾਪਰੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਮ੍ਰਿਤਕਾਂ ਵਿਚੋਂ ਇਕ ਨੌਜਵਾਨ ਨੌਜਵਾਨਾਂ ਅਤੇ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਦਿੰਦਾ ਸੀ। ਪਰਿਵਾਰ ਨੇ ਕਿਹਾ ਹੈ ਉਸਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਹ ਵੀ ਯਾਦ ਰਹੇ ਕਿ ਇਸ ਵਾਰ ਹੋਲਾ ਮਹੱਲਾ ਉੱਤੇ ਇਕ ਤੋਂ ਬਾਅਦ ਇਕ ਦਰਦਨਾਕ ਘਟਨਾਵਾਂ ਵਾਪਰੀਆਂ ਹਨ। ਇਕ ਨੌਜਵਾਨ ਦੇ ਕੁੱਝ ਲੜਕਿਆਂ ਵਲੋਂ ਕਤਲ ਦੇ ਮਾਮਲੇ ਨੂੰ ਵੀ ਪੁਲਿਸ ਸੁਲਝਾ ਰਹੀ ਹੈ।