ਜਲੰਧਰ :ਦੇਸ਼ ਵਿੱਚ ਸਮਲਿੰਗੀ ਵਿਆਹ ਕਰਵਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਦੀਆਂ ਦੋ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਹੈ। ਇਸ ਦਾ ਖੁਲਾਸ ਉਸ ਵੇਲੇ ਹੋਇਆ ਜਦੋਂ ਇਹ ਕੁੜੀਆਂ ਸੁਰੱਖਿਆ ਲੈਣ ਲਈ ਹਾਈਕੋਰਟ ਪਹੁੰਚੀਆਂ। ਮਿਲੀ ਜਾਣਕਾਰੀ ਮੁਤਾਬਿਕ ਇਹਨਾਂ ਕੁੜੀਆਂ ਨੇ ਖਰੜ ਦੇ ਗੁਰਦੁਆਰਾ ਸਾਹਿਬ 'ਚ ਵਿਆਹ ਕਰਾਇਆ ਸੀ। ਇਸ ਦਾ ਪਤਾ ਲੱਗਦੇ ਹੀ ਕੁੜੀਆਂ ਦੇ ਮਾਪਿਆਂ ਵਿੱਚ ਰੋਸ ਪਰਗਟਾਇਆ ਜਾ ਰਿਹਾ ਹੈ। ਜਿਸ ਕਾਰਨ ਇਹਨਾਂ ਕੁੜੀਆਂ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਦਾ ਨੋਟਿਸ ਲੈਂਦਿਆਂ ਐਸਐਸਪੀ ਜਲੰਧਰ ਮੁਖਵਿੰਦਰ ਸਿੰਘ ਭੁੱਲਰ ਨੂੰ ਮਾਮਲੇ ਵਿੱਚ ਦੋਵਾਂ ਲੜਕੀਆਂ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ।
ਰਿਕਾਰਡ ਅਨੁਸਾਰ ਇਹ ਵਿਆਹ ਲੜਕੀ ਅਤੇ ਲੜਕੇ ਦਾ ਹੋਇਆ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਇਹ ਵਿਆਹ 18 ਅਕਤੂਬਰ ਨੂੰ ਜਲੰਧਰ ਦੀਆਂ ਰਹਿਣ ਵਾਲੀਆਂ ਲੜਕੀਆਂ ਨੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਕਰੋੜਾ ਤਹਿਸੀਲ ਖਰੜ ਵਿਖੇ ਕਰਵਾਇਆ ਸੀ। ਜਦਕਿ ਗੁਰਦੁਆਰਾ ਸਾਹਿਬ ਦੇ ਰਿਕਾਰਡ ਅਨੁਸਾਰ ਇਹ ਵਿਆਹ ਲੜਕੀ ਅਤੇ ਲੜਕੇ ਮਨਦੀਪ ਕੁਮਾਰ ਵਿਚਕਾਰ ਹੋਇਆ। ਦੋਵਾਂ ਦੇ ਆਧਾਰ ਕਾਰਡ ਗੁਰਦੁਆਰਾ ਸਾਹਿਬ ਦੇ ਰਿਕਾਰਡ ਵਿੱਚ ਵੀ ਹਨ।
ਵਿਆਹ ਤੋਂ ਖੁਸ਼ ਨਹੀਂ ਮਾਪੇ : ਪਟੀਸ਼ਨ ਦਾਇਰ ਕਰਦੇ ਹੋਏ ਦੋਵਾਂ ਲੜਕੀਆਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਇਕ-ਦੂਜੇ ਨੂੰ ਪਸੰਦ ਕਰਦੀਆਂ ਹਨ ਅਤੇ 18 ਅਕਤੂਬਰ ਨੂੰ ਖਰੜ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦਾ ਵਿਆਹ ਹੋਇਆ ਸੀ। ਉਸ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਖੁਸ਼ ਨਹੀਂ ਹਨ। ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ।
ਜਲੰਧਰ ਦੇ ਐਸਐਸਪੀ ਨੇ ਨਹੀਂ ਕੀਤੀ ਸੁਣਵਾਈ ਤਾਂ ਲਈ ਹਾਈਕੋਰਟ ਦੀ ਸ਼ਰਨ: ਖ਼ਤਰੇ ਤੋਂ ਡਰਦਿਆਂ ਉਨ੍ਹਾਂ ਜਲੰਧਰ ਦੇ ਐਸਐਸਪੀ ਨੂੰ ਮੰਗ ਪੱਤਰ ਵੀ ਦਿੱਤਾ। ਪਰ ਕੋਈ ਫਾਇਦਾ ਨਹੀਂ ਹੋਇਆ। ਅਜਿਹੇ 'ਚ ਉਨ੍ਹਾਂ ਨੂੰ ਹਾਈ ਕੋਰਟ ਦੀ ਸ਼ਰਨ ਲੈਣੀ ਪਈ। ਜਿਸ ਤੋਂ ਬਾਅਦ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਦੱਸ ਦਈਏ ਕਿ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜਲੰਧਰ ਦੇ ਐੱਸਐੱਸਪੀ ਨੂੰ ਇਸ ਮਾਮਲੇ ਵਿੱਚ ਮੰਗ ਪੱਤਰ ‘ਤੇ ਵਿਚਾਰ ਕਰ ਫੈਸਲਾ ਲੈਣ ਦਾ ਆਦੇਸ਼ ਦਿੱਤਾ ਹੈ। ਨਾਲ ਹੀ ਜੋੜੇ ਨੂੰ ਜਿੰਦਗੀ ਤੇ ਆਜ਼ਾਦੀ ਦੀ ਰਾਖੀ ਯਕੀਨੀ ਬਣਾਉਣ ਦਾ ਆਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਇਹ ਸਪੱਸ਼ਟ ਕੀਤਾ ਕਿ ਜੇਕਰ ਪਟੀਸ਼ਨ ਦਾਇਰ ਕਰਨ ਵਾਲੀਆਂ ਕੁੜੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਇਹ ਹੁਕਮ ਉਸ ਦੇ ਰਸਤੇ ਵਿੱਚ ਰੁਕਾਵਟ ਨਹੀਂ ਹੋਣਗੇ।
ਪਹਿਲਾਂ ਵੀ ਆਇਆ ਸੀ ਅਜਿਹਾ ਮਾਮਲਾ ਸਾਹਮਣੇ :ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਦੋ ਕੁੜੀਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਕਰਵਾਏ ਸਨ। ਇਸ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਨੈਤਿਕ ਅਤੇ ਧਾਰਮਿਕ ਤੌਰ 'ਤੇ ਘੋਰ ਉਲੰਘਣਾ ਕਰਾਰ ਦਿੰਦਿਆਂ ਸਖਤ ਐਕਸ਼ਨ ਲਿਆ ਸੀ।