'ਰਿਸ਼ਵਤ ਲੈਣ ਵਾਲਾ ਐੱਸਐੱਚਓ ਗ੍ਰਿਫ਼ਤਾਰ' ਜਲੰਧਰ: ਰਾਮਾ ਮੰਡੀ ਇਲਾਕੇ ਵਿੱਚ ਪੈਂਦੇ ਸਪਾ ਸੈਂਟਰ ਦੇ ਮਾਲਕ ਤੋਂ 2.5 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਥਾਣਾ ਰਾਮ ਮੰਡੀ (SHO of Thana Ram Mandi) ਦੇ ਐੱਸਐੱਚਓ ਰਜੇਸ਼ ਅਰੋੜਾ ਦੇ ਨਾਲ-ਨਾਲ ਦੋ ਮੁਲਾਜ਼ਮਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਕਾਰਵਾਈ ਕਰਦਿਆਂ ਜਲੰਧਰ ਪੁਲਿਸ ਨੇ ਐੱਸਐੱਚਓ ਰਾਜੇਸ਼ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਐੱਸਐੱਚਓ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਢਾਈ ਲੱਖ ਰੁਪਏ ਦੀ ਰਿਸ਼ਵਤ ਦਾ ਇਲਜ਼ਾਮ: ਮਾਮਲੇ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੰਦਿਆਂ ਜਲੰਧਰ ਦੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ (Joint Commissioner of Police Sandeep Sharma) ਨੇ ਦੱਸਿਆ ਕਿ ਬੀਤੇ ਦਿਨੀ ਸਪਾ ਸੈਂਟਰ ਦੇ ਮਾਲਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਐੱਸਐੱਚਓ ਰਾਜੇਸ਼ ਅਰੋੜਾ ਨੇ ਉਸ ਦੇ ਸਪਾ ਸੈਂਟਰ ਉੱਤੇ ਰੇਡ ਕਰਕੇ ਮਾਲਿਕ ਸਮੇਤ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਮਾਮਲਾ ਰਫਾ-ਦਫਾ ਕਰਨ ਲਈ ਲੱਖਾਂ ਰੁਪਏ ਦੀ ਮੰਗ ਕਰ ਰਿਹਾ ਸੀ।
ਰਿਸ਼ਵਤ ਦੀ ਰਕਮ ਵੀ ਮੁਲਜ਼ਮ ਐੱਸਐੱਚਓ ਕੋਲੋਂ ਬਰਾਮਦ:ਸੰਦੀਪ ਸ਼ਰਮਾ ਨੇ ਕਿਹਾ ਕਿ ਕੰਪਲੇਂਟੈਂਟ ਵੱਲੋਂ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਐੱਸਐੱਚਓ ਨੇ 2.5 ਲੱਖ ਰੁਪਏ ਲੈ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਐੱਸਐੱਚਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਐੱਸਐੱਚਓ ਸਮੇਤ ਦੋ ਹੋਰ ਮੁਲਾਜ਼ਮਾਂ ਉੱਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਇਹ ਵੀ ਕਿਹਾ ਕਿ ਰਿਸ਼ਵਤ ਦਾ 2.5 ਲੱਖ ਰੁਪਿਆ ਵੀ ਐੱਸਐੱਚਓ ਦੇ ਕੋਲੋਂ ਬਰਾਮਦ ਕਰ ਲਿਆ ਗਿਆ ਗਿਆ ਹੈ।
ਦੱਸ ਦਈਏ ਪੁਲਿਸ ਐੱਸਐੱਚਓ ਨੂੰ ਗ੍ਰਿਫ਼ਤਾਰ ਕਰਨ ਦਾ ਇਸ ਸਾਲ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਨਵੰਬਰ ਮਹੀਨੇ ਮੋਗਾ ਵਿੱਚ ਤਾਇਨਾਤ ਐੱਸਐੱਚਓ ਗੁਰਵਿੰਦਰ ਸਿੰਘ ਭੁੱਲਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਸੀ ਕਿ ਉਕਤ ਪੁਲਿਸ ਇੰਸਪੈਕਟਰ ਨੂੰ ਸੁਖਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾ (ਢਾਣੀ ਮਲੂਕ ਸਿੰਘ), ਤਹਿਸੀਲ ਧਰਮਕੋਟ ਵੱਲੋਂ ਦਰਜ ਕਰਵਾਈ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਸੀ। ਮਾਮਲੇ ਵਿੱਚ ਥਾਣੇਦਾਰ ਨੇ ਸ਼ਿਕਾਇਤਕਰਤਾ ਤੋਂ ਪੇਸ਼ਗੀ ਕਿਸ਼ਤ ਵਜੋਂ 50,000 ਰੁਪਏ ਲੈ ਲਏ ਪਰ ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਟਰੱਕ-ਟ੍ਰੇਲਰ ਦਾ ਥਹੁ-ਪਤਾ ਲੱਗਣ ਤੋਂ ਬਾਅਦ ਹੀ ਬਾਕੀ ਰਹਿੰਦੀ ਰਕਮ ਦੇਵੇਗਾ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।