ਜਲੰਧਰ:ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 9 ਅਕਤੂਬਰ ਨੂੰ ਜਲੰਧਰ ਵਿਖੇ ਹੋਣ ਜਾ ਰਹੀ ਮੈਰਾਥਨ ਲਈ ਟੀ ਸ਼ਰਟ ਜਾਰੀ ਕੀਤੀਆਂ ਗਈਆਂ। ਇਸ ਮੌਕੇ ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਬੇਹੱਦ ਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਲੰਧਰ ਵਿਖੇ 9 ਅਕਤੂਬਰ ਨੂੰ ਇਹ ਮੈਰਾਥਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਤਿੰਨ ਸ਼੍ਰੇਣੀਆਂ ਹੋਣਗੀਆਂ।
ਇਨ੍ਹਾਂ ਵਿੱਚੋਂ ਪਹਿਲੀ ਇੱਕੀ ਕਿਲੋਮੀਟਰ, ਦੂਸਰੀ ਦਸ ਕਿਲੋਮੀਟਰ ਤੇ ਤੀਸਰੀ ਸ਼੍ਰੇਣੀ ਪੰਜ ਕਿਲੋਮੀਟਰ ਦੀ ਹੋਵੇਗੀ। ਇਸ ਮੈਰਾਥਨ ਵਿੱਚ ਹਰ ਉਮਰ ਦੇ ਲੋਕ ਹਿੱਸਾ ਲੈ ਸਕਣਗੇ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਕਰੀਬ 2700 ਲੋਕ ਇਸ ਮੈਰਾਥਨ ਵਿੱਚ ਹਿੱਸਾ ਲੈਣਗੇ। ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਪੰਜਾਬ ਦੇ 111 ਸਾਲ ਦੇ ਅਥਲੀਟ ਫੌਜਾ ਸਿੰਘ ਵੀ ਦੌੜ 'ਚ ਹਿੱਸਾ ਲੈਣਗੇ।
ਉਧਰ ਖੇਡ ਮੰਤਰੀ ਕੋਲੋਂ ਇਹ ਪੁੱਛੇ ਜਾਣ 'ਤੇ ਕਿ ਪੰਜਾਬ ਸਰਕਾਰ ਨੇ ਅਪ੍ਰੇਸ਼ਨ ਲੋਟਸ 'ਚ ਸ਼ਾਮਲ ਨੇਤਾਵਾਂ ਦੇ ਨਾਮ ਚੌਵੀ ਘੰਟਿਆਂ ਵਿਚ ਜਨਤਕ ਕਰਨ ਦੀ ਗੱਲ ਕੀਤੀ ਸੀ ਪਰ ਅਜੇ ਤੱਕ ਉਹ ਜਨਤਕ ਨਹੀਂ ਹੋਏ। ਖੇਡ ਮੰਤਰੀ ਨੇ ਕਿਹਾ ਕਿ ਅਪ੍ਰੇਸ਼ਨ ਲੋਟਸ ਕਾਂਗਰਸ ਅਤੇ ਬੀਜੇਪੀ ਦਾ ਸਾਂਝਾ ਪ੍ਰੋਗਰਾਮ ਹੈ, ਜਿਸ ਵਿੱਚ ਕਾਂਗਰਸ ਇੱਕ ਪਲੈਨਰ ਦੇ ਤੌਰ 'ਤੇ ਕੰਮ ਕਰ ਰਹੀ ਹੈ।
ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਪਹਿਲੇ ਕਾਂਗਰਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਸ ਵਿਚੋਂ ਪਤਾ ਨਹੀਂ ਕਿੰਨੇ ਨੇਤਾ ਲਾਲਚ ਵਿਚ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਕਾਂਗਰਸੀਆਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਆਪਣੇ ਵੱਲ ਖਿੱਚ ਰਹੀ ਹੈ।