ਜਲੰਧਰ: ਲਖੀਮਪੁਰ ਖ਼ੀਰੀ (Lakhimpur Khiri) ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ‘ਤੇ ਸਮੁੱਚੇ ਦੇਸ਼ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ (rail roko protest) ਦੇ ਚੱਲਦੇ ਰੇਲਵੇ ਟਰੈਕ ਨੂੰ ਜਾਮ ਕੀਤਾ ਗਿਆ ਹੈ। ਇਸੇ ਦੇ ਚੱਲਦੇ ਜਲੰਧਰ ਦੇ ਛਾਉਣੀ ਸਟੇਸ਼ਨ ਤੇ ਦਕੋਹਾ ਰੇਲਵੇ ਕਰਾਸਿੰਗ ’ਤੇ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ। ਕਿਸਾਨ ਲਖੀਮਪੁਰ ਦੀ ਘਟਨਾ ਤੋਂ ਬਾਅਦ ਕਿਸਾਨਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਲਗਾਤਾਰ ਆਪਣੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਨਿਹੰਗਾਂ ਨੇ ਕਿਸੇ ਦਾ ਕਤਲ ਕੀਤਾ ਤਾਂ ਉਸ ਨੂੰ ਸੱਤ-ਸੱਤ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ ਜਦਕਿ ਯੂਪੀ ਵਿਖੇ ਕੇਂਦਰੀ ਰਾਜ ਮੰਤਰੀ ਦੇ ਬੇਟੇ ਨੂੰ ਸਿਰਫ ਪੰਜ ਦਿਨ ਦਾ ਰਿਮਾਂਡ ਹੀ ਦਿੱਤਾ ਗਿਆ।