ਜਲੰਧਰ: ਕਪੂਰਥਲਾ ਚੌਕ 'ਚ 15 ਸਾਲਾ ਕੁੜੀ ਕੁਸੁਮ, ਜਿਸ ਨੇ ਲੁੱਟਖੋਹ ਦੀ ਵਾਰਦਾਤ ਨੂੰ ਅਸਫ਼ਲ ਕੀਤਾ ਸੀ। ਐਤਵਾਰ ਨੂੰ ਇਸ ਮਾਮਲੇ ਵਿੱਚ ਪੁਲਿਸ ਨੇ ਦੂਜੇ ਕਥਿਤ ਦੋਸ਼ੀ ਨੂੰ ਹੁਸ਼ਿਆਰਪੁਰ ਵਿਖੇ ਕਾਬੂ ਕਰ ਲਿਆ। ਕਥਿਤ ਦੋਸ਼ੀ ਵਾਰਦਾਤ ਸਮੇਂ ਤੋਂ ਫਰਾਰ ਚੱਲ ਰਿਹਾ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਵਾਪਰੀ ਘਟਨਾ ਵਿੱਚ ਕੁੜੀ ਕੁਸੁਮ ਟਿਊਸ਼ਨ ਪੜ੍ਹਨ ਜਾ ਰਹੀ ਸੀ, ਜਿਸ ਦੌਰਾਨ ਦੋ ਲੁਟੇਰਿਆਂ ਨੇ ਉਸ ਕੋਲੋਂ ਲੁੱਟ ਕਰਨੀ ਚਾਹੀ ਤਾਂ ਕੁਸੁਮ ਨੇ ਬਹਾਦਰੀ ਵਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਮੌਕੇ 'ਤੇ ਫੜ ਲਿਆ ਸੀ। ਜਦਕਿ ਦੂਸਰਾ ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਥਾਣਾ ਨੰਬਰ ਦੋ ਦੀ ਪੁਲਿਸ ਨੇ ਇਸ ਸਬੰਧੀ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਸੀ।
ਕੁਸੁਮ ਨਾਲ ਲੁੱਟਖੋਹ ਕਰਨ ਵਾਲਾ ਦੂਜਾ ਮੁਲਜ਼ਮ ਪੁਲਿਸ ਅੜਿੱਕੇ
ਜਲੰਧਰ ਪੁਲਿਸ ਨੇ ਬੀਤੇ ਦਿਨੀਂ ਇੱਕ ਲੜਕੀ ਕੁਸੁਮ ਨਾਲ ਲੁੱਟਖੋਹ ਦੀ ਵਾਰਦਾਤ ਵਿੱਚ ਫ਼ਰਾਰ ਦੂਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਥਿਤ ਦੋਸ਼ੀ ਨੂੰ ਹੁਸ਼ਿਆਰਪੁਰ ਵਿਖੇ ਰਿਸ਼ਤੇਦਾਰਾਂ ਦੇ ਘਰੋਂ ਕਾਬੂ ਕੀਤਾ।
ਸੀਆਈਏ ਸਟਾਫ਼ ਦੀ ਏਡੀਸੀਪੀ ਵਸਲਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਥਿਤ ਦੋਸ਼ੀ ਦੇ ਰਿਸ਼ਤੇਦਾਰਾਂ ਦੇ ਘਰ ਆਉਣ ਬਾਰੇ ਸੂਚਨਾ ਪ੍ਰਾਪਤ ਹੋਈ ਸੀ। ਇਸ 'ਤੇ ਸੀ.ਆਈ.ਏ ਸਟਾਫ਼ ਪੁਲਿਸ ਨੇ ਦੂਜੇ ਕਥਿਤ ਦੋਸ਼ੀ ਵਿਨੋਦ ਕੁਮਾਰ ਪੁੱਤਰ ਯਸ਼ਪਾਲ ਵਾਸੀ ਰੇਲਵੇ ਕਾਲੋਨੀ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਥਿਤ ਦੋਸ਼ੀ ਨੂੰ ਹੁਸ਼ਿਆਰਪੁਰ ਵਿਖੇ ਰਿਸ਼ਤੇਦਾਰਾਂ ਦੇ ਘਰ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਨੋਦ ਉਰਫ਼ ਗੀਗਾ ਵਿਰੁੱਧ ਚਾਰ ਕੇਸ ਦਰਜ ਹਨ।
ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਆਸ਼ੂ ਵਿਰੁੱਧ ਪਹਿਲਾਂ ਤੋਂ ਹੀ 6 ਕੇਸ ਦਰਜ ਹਨ, ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।