ਜਲੰਧਰ : ਆਏ ਦਿਨ ਮਹਿਲਾਵਾਂ ਨਾਲ ਹੋਣ ਵਾਲੇ ਅਪਰਾਧਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਕਿਤੇ ਮਹਿਲਾਵਾਂ ਤੇ ਲੜਕੀਆਂ ਨਾਲ ਬਲਾਤਕਾਰ ਦੇ ਮਾਮਲੇ, ਕਿਤੇ ਬਲਾਤਕਾਰ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਦੇ ਮਾਮਲੇ ਆਏ ਦਿਨ ਵਧਦੇ ਜਾ ਰਹੇ ਨੇ। ਖ਼ਾਸ ਤੌਰ 'ਤੇ ਇਹ ਸਾਡੀਆਂ ਅਪਰਾਧਿਕ ਘਟਨਾਵਾਂ ਉਨ੍ਹਾਂ ਮਹਿਲਾਵਾਂ ਨਾਲ ਵਾਪਰਦੀਆਂ ਨੇ ਜੋ ਰਾਤ ਨੂੰ ਆਪਣੇ ਦਫਤਰਾਂ ਚੋਂ ਘਰ ਵਾਪਸ ਜਾ ਰਹੀਆਂ ਹੁੰਦੀਆਂ ਨੇ ਜਾਂ ਫਿਰ ਘਰੋਂ ਆਪਣੀ ਡਿਊਟੀ ਲਈ ਦਫ਼ਤਰ। ਹਾਲਾਤ ਇਹ ਹੋ ਚੁੱਕੇ ਨੇ ਕਿ ਇੱਕ ਪਾਸੇ ਜਿਥੇ ਘਰੋਂ ਬਾਹਰ ਨਿਕਲਣਾ ਇਨ੍ਹਾਂ ਦੀ ਮਜਬੂਰੀ ਹੈ। ਉਧਰ ਦੂਸਰੇ ਪਾਸੇ ਇਨ੍ਹਾਂ ਦੀ ਸੁਰੱਖਿਆ ਲਈ ਤੈਨਾਤ ਪੁਲਿਸ ਰਾਤ ਨੂੰ ਖੁਦ ਨਜ਼ਰ ਨਹੀਂ ਆਉਂਦੀ।
ਜਲੰਧਰ ਵਿੱਚ ਸਾਡੀ ਟੀਮ ਨੇ ਜਲੰਧਰ ਦੇ ਪਠਾਨਕੋਟ ਚੌਕ ਵਿਖੇ , ਉਸ ਥਾਂ 'ਤੇ ਜਿੱਥੇ ਕੁਝ ਦਿਨ ਪਹਿਲੇ ਇੱਕ ਲੜਕੀ ਦੀ ਲਾਸ਼ ਮਿਲੀ ਸੀ। ਜਿਸ ਨੂੰ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਇੱਕ ਯੂਨੀਵਰਸਿਟੀ ਦੇ ਬਾਹਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜਾਇਜ਼ਾ ਲਿਆ ਕਿ ਆਖ਼ਿਰ ਮਹਿਲਾਵਾਂ ਕਿੰਨੀਆਂ ਕੁ ਸੁਰੱਖਿਅਤ ਨੇ। ਇਨ੍ਹਾਂ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਲੋਕ ਕਿੰਨੇ ਕੁ ਹਨ।
ਜਲੰਧਰ ਦੇ ਪਠਾਨਕੋਟ ਚੌਂਕ ਇਕ ਐਸਾ ਚੌਂਕ ਹੈ ਜਿੱਥੇ ਤੋਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਲੋਕਾਂ ਦਾ ਪੈਦਲ ਅਤੇ ਆਪਣੇ ਵਾਹਨਾਂ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਸਾਰਾ ਦਿਨ ਇਸ ਚੌਂਕ ਵਿੱਚ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਦੇ ਨਾਕੇ ਲੱਗਦੇ ਹਨ ਜੋ ਕਿ ਲੋਕਾਂ ਦੇ ਚਲਾਨ ਕੱਟਦੇ ਹੋਏ ਨਜ਼ਰ ਆਉਂਦੇ ਨੇ। ਪਰ ਜਿੱਦਾਂ ਹੀ ਸੂਰਜ ਢਲਦਾ ਹੈ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਮੁਲਾਜ਼ਮ ਇਹੋ ਜਿਹੀਆਂ ਥਾਵਾਂ ਉੱਤੇ ਨਜ਼ਰ ਨਹੀਂ ਆਉਂਦਾ। ਮਹਿਲਾਵਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਇਹੋ ਜਿਹੀਆਂ ਥਾਵਾਂ ਤੋਂ ਰਾਤ ਨੂੰ ਅਕਸਰ ਗਾਇਬ ਹੀ ਨਜ਼ਰ ਆਉਂਦੀ ਹੈ।