ਜਲੰਧਰ:ਅੱਖਾਂ 'ਚ ਸੁਪਨੇ ਅਤੇ ਉਨ੍ਹਾਂ ਸੁਪਨਿਆਂ ਨੂੰ ਸੱਚ ਕਰਨ ਦਾ ਹੌਸਲਾ ਜੇ ਹੋਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਉਨ੍ਹਾਂ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ। ਪੰਜਾਬ ਦਾ ਜਲੰਧਰ ਸ਼ਹਿਰ ਦੇਸ਼ ਦਾ ਇਕ ਅਜਿਹਾ ਸ਼ਹਿਰ ਹੈ ਜਿਸ ਨੇ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਖਿਡਾਰੀ ਦਿੱਤੇ ਹਨ।
ਇੱਥੋ ਤੱਕ ਕਿ ਜਲੰਧਰ ਦਾ ਸੰਸਾਰਪੁਰ ਪਿੰਡ ਇਕ ਅਜਿਹਾ ਪਿੰਡ ਹੈ ਜਿਸ ਨੇ ਭਾਰਤੀ ਹਾਕੀ ਟੀਮ 'ਚ ਖੇਡਣ ਵਾਲੇ 14 ਓਲੰਪੀਅਨ ਦਿੱਤੇ ਹਨ। ਇਸ ਦੇ ਨਾਲ ਹੀ ਜਲੰਧਰ ਦਾ ਮਿੱਠਾਪੁਰ ਇਲਾਕਾ ਜਿੱਥੇ ਇਸ ਵੇਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਸਮੇਤ ਤਿੰਨ ਖਿਡਾਰੀ ਅਜਿਹੇ ਹਨ ਜਿਨ੍ਹਾਂ ਦਾ ਜਨਮ ਇੱਥੇ ਹੋਇਆ ਹੈ। ਭਾਰਤੀ ਹਾਕੀ ਦੀ ਲੜੀ ਜਲੰਧਰ 'ਚ ਇੱਥੇ ਹੀ ਖ਼ਤਮ ਨਹੀਂ ਹੋਈ ਬਲਕਿ ਹੁਣ ਇਸ ਦੇ ਸਿਤਾਰੇ ਜਲੰਧਰ ਦੇ ਹੋਰ ਵੱਖ-ਵੱਖ ਪਿੰਡਾਂ 'ਚ ਵੀ ਚਮਕ ਰਹੇ ਹਨ।
ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਮਿਲੀ ਪੰਜਾਬ ਦੀ ਉਪਕਪਤਾਨੀ: ਹੁਣ ਇਹ ਮਾਣ ਜਲੰਧਰ ਜ਼ਿਲ੍ਹੇ ਦੇ ਜੈਤੇਵਾਲੀ ਪਿੰਡ ਨੂੰ ਨਸੀਬ ਹੋਇਆ ਹੈ ਜਿੱਥੋਂ ਦੀ 16 ਸਾਲ ਦੀ ਬੇਟੀ ਹਰਜੋਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਵੱਲ ਆਪਣੇ ਕਦਮ ਵਧਾ ਰਹੀ ਹੈ। ਹਰਜੋਤ ਕੌਰ ਨੂੰ ਇਸ ਵਾਰ ਮਣੀਪੁਰ ਦੇ ਇੰਫਾਲ ਸ਼ਹਿਰ 'ਚ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਖੇ ਪੰਜਾਬ ਦੀ ਟੀਮ ਦੀ ਉਪ ਕਪਤਾਨੀ ਸੌਂਪੀ ਗਈ ਹੈ।
ਪਰਿਵਾਰ 'ਚ ਖੁਸ਼ੀ ਦੀ ਲਹਿਰ :ਹਰਜੋਤ ਕੌਰ ਦੀ ਇਸ ਉਪਲੱਬਧੀ 'ਤੇ ਉਸ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਆਪਣੇ ਇਸ ਟੂਰਨਾਮੈਂਟ ਲਈ ਹਰਜੋਤ ਕੌਰ ਆਪਣੇ ਅਗਲੇ ਕੈਂਪ ਲਈ ਬਠਿੰਡਾ ਰਵਾਨਾ ਹੋ ਗਈ। ਹਰਜੋਤ ਕੌਰ ਦੇ ਪਰਿਵਾਰ ਵਿੱਚ ਸਭ ਤੋਂ ਜ਼ਿਆਦਾ ਖੁਸ਼ੀ ਉਸ ਦੇ ਦਾਦਾ ਜੀ ਕਰਨੈਲ ਸਿੰਘ ਨੂੰ ਹੈ ਜਿਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਪੋਤੇ ਪੋਤੀਆਂ ਪੰਜਾਬ ਦੀਆਂ ਖੇਡਾਂ ਵਿੱਚ ਸ਼ਾਮਿਲ ਹੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ।
ਕਰਨੈਲ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਸ਼ੌਕ ਸੀ ਕਿ ਉਨ੍ਹਾਂ ਦੇ ਪੋਤੇ ਪੋਤੀਆਂ ਖੇਡਾਂ 'ਚ ਪੈਸਾ ਲੈਣ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਉਨ੍ਹਾਂ ਕਿਹਾ ਕਿ ਛੋਟੇ ਹੁੰਦਿਆਂ ਤੋਂ ਹੀ ਉਹ ਆਪਣੇ ਬੇਟੇ ਸੁਰਿੰਦਰ ਸਿੰਘ ਨੂੰ ਕਹਿੰਦੇ ਸੀ ਕਿ ਉਨ੍ਹਾਂ ਦੇ ਬੱਚਿਆਂ ਦੀ ਦੌੜ ਬਹੁਤ ਵਧੀਆ ਹੈ। ਉਨ੍ਹਾਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ ਜਾਵੇ।