ਜਲੰਧਰ: ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਵਿੱਚ ਦਾਖ਼ਲ ਹੋਣ 'ਤੇ ਆਰਜ਼ੀ ਤੌਰ ਤੇ ਪਾਬੰਦੀ ਲਾ ਦਿੱਤੀ ਹੈ। ਇਸ ਵਾਇਰਸ ਕਰਕੇ ਕਈ ਲੋਕਾਂ ਨੇ ਆਪਣੇ ਟਰੈਵਲ ਪਲੈਨ ਵੀ ਰੱਦ ਕਰ ਦਿੱਤੇ ਹਨ। ਇਸ ਨਾਲ ਟਰੈਵਲ ਏਜੰਟਾਂ ਨੂੰ ਕੀ ਫ਼ਰਕ ਪਿਆ ਇਸ ਬਾਬਤ ਉਨ੍ਹਾਂ ਨਾਲ ਪੂਰੀ ਗੱਲ ਬਾਤ ਕੀਤੀ।
ਏਜੰਟ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਐਨਾ ਖ਼ਾਸ ਫ਼ਰਕ ਨਹੀਂ ਪਿਆ ਹੈ ਪਰ ਜੇ ਇਸ ਦਾ ਇਲਾਜ ਛੇਤੀ ਹੀ ਨਾ ਹੋਇਆ ਤਾਂ ਇਸ ਨਾਲ ਕਾਫ਼ੀ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਸੈਮੀਨਾਰ ਸ਼ੁਰੂ ਹੋ ਰਹੇ ਹਨ ਜਿਸ ਵਿੱਚ ਕਈ ਦੇਸ਼ਾਂ ਦੇ ਪ੍ਰਤੀਨਿਧੀ ਆ ਰਹੇ ਹਨ ਜੇ ਵਾਇਰਸ ਦਾ ਹੱਲ ਨਾ ਹੋਇਆ ਤਾਂ ਇਸ ਦਾ ਬੱਚਿਆ ਦੇ ਭਵਿੱਖ ਤੇ ਬੁਰਾ ਅਸਰ ਪੈ ਸਕਦਾ ਹੈ।
ਇਸ ਦੌਰਾਨ ਉਨ੍ਹਾਂ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰਦਿਆਂ ਇਹ ਵੀ ਆਖਿਆ ਕਿ ਭਾਰਤ ਸਰਕਾਰ ਨੇ ਤਾਂ ਵੀਜ਼ੇ ਬੰਦ ਕਰ ਦਿੱਤੇ ਹਨ ਪਰ ਜੇ ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ ਵਰਗੇ ਮੁਲਕਾਂ ਨੇ ਇਹ ਕਹਿ ਦਿੱਤਾ ਕਿ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਲਿਆ ਜਾਵੇਗਾ ਤਾਂ ਇਸ ਨਾਲ ਕੀ ਬਣੇਗਾ, ਚਾਰੇ ਪਾਸੇ ਹਾਹਾਕਾਰ ਮੱਚ ਜਾਵੇਗੀ।
ਭਾਰਤ ਸਰਕਾਰ ਨੇ ਵੀਜ਼ੇ ਤਾਂ ਰੱਦ ਕਰ ਦਿੱਤੇ, ਪਰ ਹੁਣ ਸਾਡਾ ਕੀ ਬਣੂ ਇਸ ਦੌਰਾਨ ਦੂਜੇ ਏਜੰਟ ਇਹ ਸਾਫ ਕੀਤਾ ਕਿ ਸਰਕਾਰ ਨੇ ਸਿਰਫ਼ ਵਿਦੇਸ਼ੀ ਸੈਲਾਨੀਆਂ ਦੇ ਹੀ ਭਾਰਤ ਆਉਣ ਤੇ ਰੋਕ ਲਾਈ ਹੈ, ਜਿਹੜੇ ਭਾਰਤ ਦੇ ਵਸਨੀਕ ਹਨ ਅਤੇ ਵਿਦੇਸ਼ ਗਏ ਹੋਏ ਨੇ ਉਹ ਆਪਣੇ ਮੁਲਕ ਵਾਪਸ ਆ ਸਕਦੇ ਹਨ ਉਨ੍ਹਾਂ ਨੂੰ ਵਾਪਸ ਆਉਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਬੱਸ ਉਨ੍ਹਾਂ ਦੀ ਹਵਾਈ ਅੱਡੇ ਤੇ ਸਕ੍ਰੀਨਿੰਗ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਕੋਈ ਨਵਾਂ ਯਾਤਰਾ ਕਰਨ ਵਾਲਾ ਵਿਅਕਤੀ ਨਹੀਂ ਆ ਰਿਹਾ ਹੈ ਸਗੋਂ ਜੋ ਆ ਰਹੇ ਹਨ ਉਹ ਜਾਂ ਤਾਂ ਟਿਕਟ ਰੱਦ ਕਰਵਾਉਣ ਆਉਂਦੇ ਹਨ ਜਾਂ ਫਿਰ ਅੱਗੇ ਦੀ ਤਾਰੀਕ ਲੈਣ।