ਜਲੰਧਰ:ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਰਾਬ ਜਾਂ ਮੈਡੀਕਲ ਨਸ਼ੇ ਦਾ ਖਾਤਮਾ ਕੀਤਾ ਜਾਵੇ ,ਇੰਨਾ ਹੀ ਨਹੀਂ ਚੋਣਾਂ ਵਿਚ ਕਿਸੇ ਤਰ੍ਹਾਂ ਦੀ ਸ਼ਰਾਬ ਦੀ ਵਿਕਰੀ ਨਾ ਹੋ ਸਕੇ ਇਸ ਦਾ ਵੀ ਧਿਆਨ ਰੱਖਿਆ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਆਬਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕ ਸਭਾ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਸ਼ਰਾਬ ਦੀ ਨਾਜਾਇਜ਼ ਵਿਕਰੀ ਅਤੇ ਸਮੱਗਲਿੰਗ ’ਤੇ ਖ਼ਾਸ ਨਜ਼ਰ ਰੱਖੀ ਜਾਵੇ ਅਤੇ ਅਜਿਹੀ ਕਿਸੇ ਵੀ ਗਤੀਵਿਧੀ ਦਾ ਪਤਾ ਲੱਗਣ ’ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸੇ ਤਹਿਤ ਬੀਤੇ ਦਿਨ ਜਲੰਧਰ ਦੇ ਨਕੋਦਰ ਅਤੇ ਮੰਡ ਕੰਪਲੈਕਸ ਵਿਚ ਛਾਪੇਮਾਰੀ ਕੀਤੀ ਗਈ।
500 ਕਿਲੋ ਦੇ ਕਰੀਬ ਲਾਹਣ ਬਰਾਮਦ:ਆਬਕਾਰੀ ਵਿਭਾਗ ਵਲੋਂ ਚਲਾਏ ਅਪਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਰਾਮ ਮੂਰਤੀ ਦੀ ਅਗਵਾਈ ਵਿੱਚ ਟੀਮ ਵਲੋਂ ਨੂਰਮਹਿਲ ਖੇਤਰ ਵਿੱਚ ਸਤਲੁਜ ਦਰਿਆ ਕੰਢੇ ਪਿੰਡ ਭੋਡੇ, ਬੁਰਜ, ਸੰਗੋਵਾਲ, ਡਗਾਰਾ ਅਤੇ ਮਿਓਂਵਾਲ ਵਿਖੇ ਕੀਤੀ ਚੈਕਿੰਗ ਦੌਰਾਨ ਪਲਾਸਟਿਕ ਦੀਆਂ 23 ਤਰਪਾਲਾਂ, 4 ਲੋਹੇ ਦੇ ਡਰੰਮ, 4 ਲੋਹੇ ਦੇ ਟੀਨ, ਪਲਾਸਟਿਕ ਪਾਈਪਾਂ ਅਤੇ 2 ਸਿਲੰਡਰ ਨੁਮਾ ਡਰੰਮ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹਰੇਕ ਤਰਪਾਲ ਵਿੱਚ 500 ਕਿਲੋ ਦੇ ਕਰੀਬ ਲਾਹਣ ਸੀ ਜੋ ਕੁੱਲ 11500 ਕਿਲੋ ਬਣਦੀ ਹੈ।