ਜਲੰਧਰ: ਜ਼ਿਲ੍ਹੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੀਡੀਆ ਸਮੇਤ ਪੂਰੇ ਪੰਜਾਬ ਵਿੱਚ ਇਹ ਖ਼ਬਰ ਫੈਲ ਗਈ ਕਿ ਐਨਆਈਏ (NIA) ਨੇ ਇੱਕ ਵਿਅਕਤੀ ਨੂੰ ਜਲੰਧਰ ਦੇ ਹਰਦਿਆਲ ਨਗਰ ਤੋਂ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਹੀ ਨਹੀਂ, ਗ੍ਰਿਫਤਾਰ ਕੀਤੇ ਗਏ ਨੌਜਵਾਨ ਗੁਰਮੁਖ ਸਿੰਘ ਦੇ ਪਿਤਾ ਜਸਵੀਰ ਸਿੰਘ ਰੋਡੇ ਨੇ ਖੁਦ ਵੀ ਮੀਡੀਆ ਨੂੰ ਦੱਸਿਆ ਕਿ ਕੁਝ ਲੋਕ ਅੱਧੀ ਰਾਤ ਦੇ ਕਰੀਬ ਕੰਧ 'ਤੇ ਚੜ੍ਹ ਕੇ ਉਸਦੇ ਘਰ ਵਿੱਚ ਦਾਖਲ ਹੋਏ ਅਤੇ ਉਸਦੇ ਲੜਕੇ ਨੂੰ ਕੁਝ ਸਮਾਨ ਸਮੇਤ ਲੈ ਗਏ।
ਉਨ੍ਹਾਂ ਮੀਡੀਆ ਨੂੰ ਇਹ ਨਹੀਂ ਦੱਸਿਆ ਕਿ ਉਹ ਲੋਕ ਕੌਣ ਸਨ ਹਾਲਾਂਕਿ, ਸ਼ਾਮ ਤੱਕ, ਪੰਜਾਬ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਕਾਰਵਾਈ ਐਨਆਈਏ ਦੁਆਰਾ ਨਹੀਂ ਬਲਕਿ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੁਆਰਾ ਕੀਤੀ ਗਈ ਸੀ। ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈਐਸਵਾਈਐਫ (ISYF) ਦੇ 2 ਪ੍ਰਮੁੱਖ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੱਤਵਾਦੀ ਗਤੀਵਿਧੀ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਿਸਤੌਲ ਅਤੇ ਗੋਲਾ ਬਾਰੂਦ ਦੇ ਨਾਲ -ਨਾਲ ਜ਼ਿੰਦਾ ਗ੍ਰਨੇਡ ਅਤੇ ਟਿਫਿਨ ਬੰਬ ਬਰਾਮਦ ਕੀਤੇ।
ਫੜੇ ਗਏ ਦੋਸ਼ੀਆਂ ਦੀ ਪਹਿਚਾਣ ਗੁਰਮੁਖ ਸਿੰਘ ਬਰਾੜ ਵਾਸੀ ਹਰਦਿਆਲ ਨਗਰ, ਗੜ੍ਹਾ, ਜਲੰਧਰ ਵਜੋਂ ਹੋਈ ਹੈ। ਪੁਲਿਸ ਦੇ ਬੁਲਾਰੇ ਅਨੁਸਾਰ ਕਪੂਰਥਲਾ ਪੁਲਿਸ ਨੇ ਸੁਖਵਿੰਦਰ ਸਿੰਘ ਪੁੱਤਰ ਗਗਨਦੀਪ ਸਿੰਘ, ਗਲੀ ਨੰ: 02 ਗੁਰੂਨਾਨਕ ਪੁਰਾ ਫਗਵਾੜਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਗੈਰਕਨੂੰਨੀ ਪਿਸਤੌਲ ਬਰਾਮਦ ਕੀਤਾ ਹੈ।
ਪੁੱਛਗਿੱਛ ਦੌਰਾਨ ਗਗਨ ਨੇ ਖੁਲਾਸਾ ਕੀਤਾ ਕਿ ਉਸ ਕੋਲੋਂ ਬਰਾਮਦ ਕੀਤਾ ਗਿਆ ਪਿਸਤੌਲ ਹਥਿਆਰਾਂ ਦੀ ਇੱਕ ਵੱਡੀ ਖੇਪ ਦਾ ਹਿੱਸਾ ਸੀ ਜੋ ਪਿਛਲੇ ਕੁਝ ਮਹੀਨਿਆਂ ਤੋਂ ਡਰੋਨ ਰਾਹੀਂ ਸਰਹੱਦ ਪਾਰ ਤੋਂ ਭੇਜੀ ਗਈ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਖੇਪ ਦਾ ਵੱਡਾ ਹਿੱਸਾ ਜਲੰਧਰ ਦੇ ਗੁਰਮੁਖ ਸਿੰਘ ਨੇ ਲੁਕਾਇਆ ਸੀ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਮੁਲਜ਼ਮ ਸਮੇਤ 2 ਜ਼ਿੰਦਾ ਗ੍ਰਨੇਡ, ਡੈਟੋਨੇਟਰਾਂ ਦਾ 1 ਡੱਬਾ, 2 ਟਿਊਬ, ਇੱਕ ਉੱਚ ਵਿਸਫੋਟਕ ਪੀਲੀ ਤਾਰ (ਪਾਕਿਸਤਾਨੀ), ਭਾਰਤੀ ਕਰੰਸੀ ਲਗਭਗ 3.75 ਲੱਖ, ਇੱਕ ਲਾਇਸੈਂਸ ਸ਼ੁਦਾ ਹਥਿਆਰ 45 ਬੋਰ, 14 ਭਾਰਤੀ ਪਾਸਪੋਰਟ, ਇੱਕ 30 ਪਿਸਤੌਲ, 2 ਮੈਗਜ਼ੀਨਾਂ ਸਮੇਤ, 5 ਉਸ ਤੋਂ ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ।