ਜਲੰਧਰ: ਥਾਣਾ ਡਿਵੀਜ਼ਨ ਨੰਬਰ ਅੱਠ ਵਿੱਚ ਪੈਂਦੇ ਸੋਢਲ ਨਗਰ ਦੀ ਜਗਦੰਬੇ ਗਲੀ 'ਚ ਰੰਜਿਸ਼ ਦੇ ਚੱਲਦਿਆਂ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਨ੍ਹਾਂ ਗੋਲੀਆਂ ਨਾਲ ਗਲੀ 'ਚ ਖੜੀ ਮੁਹੱਲਾ ਵਾਸੀ ਸ਼ੇਖਰ ਸ਼ਰਮਾ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਅਤੇ ਨਾਲ ਹੀ ਗੱਡੀ ਦੇ ਦਰਵਾਜੇ 'ਤੇ ਕਈ ਛੇਦ ਵੀ ਹਨ, ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਕਿ ਕਈ ਫਾਇਰ ਕੀਤੇ ਗਏ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ।
ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਸੋਢਲ ਮੰਦਿਰ ਦੇ ਪਿਛਲੀ ਪਾਸੇ ਇੱਕ ਪਰਿਵਾਰ ਰਹਿੰਦਾ ਹੈ ਅਤੇ ਕੁਝ ਨਸ਼ਾ ਤਸਕਰ ਅਕਸਰ ਉਸ ਘਰ ਦੇ ਕੋਲ ਖੜ੍ਹੇ ਰਹਿੰਦੇ ਹਨ ਅਤੇ ਗਾਲੀ ਗਲੋਚ ਕਰਦੇ ਹਨ। ਉਨ੍ਹਾਂ ਦਾ ਕਹਿਣਾ ਕਿ ਬਤਿੀ ਰਾਤ ਵੀ ਜਦੋਂ ਨੋਜਵਾਨ ਘਰ ਦੇ ਬਾਹਰ ਖੜ ਗਾਲੀ ਗਲੋਚ ਕਰ ਰਹੇ ਸੀ ਤਾਂ ਉਕਤ ਘਰ ਦੇ ਮਾਲਿਕ ਵਲੋਂ ਉਨ੍ਹਾਂ ਨੂੰ ਵਰਜਿਆ ਗਿਆ, ਜਿਸ ਦੀ ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਵਲੋਂ ਸਵੇਰ ਸਮੇਂ ਗੋਲੀਆਂ ਚਲਾਈਆਂ ਹਨ। ਇਸ ਸਬੰਧੀ ਸ਼ੇਖਰ ਸ਼ਰਮਾ ਦਾ ਕਹਿਣਾ ਕਿ ਉਹ ਘਰ ਦੇ ਅੰਦਰ ਸੀ ਜਦੋਂ ਗੋਲੀਆਂ ਚੱਲਣ ਦੀ ਅਵਾਜ ਆਈ ਤਾਂ ਉਹ ਬਾਹਰ ਆਏ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਵਲੋਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਚੁੱਕਿਆ ਹੈ।