ਜਲੰਧਰ: ਹਰ ਸਾਲ ਪੰਜਾਬ ਦੇ ਲੱਖਾਂ ਨੌਜਵਾਨ ਆਪਣੀ ਪੜ੍ਹਾਈ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ਾਂ ਦਾ ਰੁਖ ਕਰਦੇ ਹਨ। ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿਚ ਜਿੰਨੇ ਵੀ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹਨ ਉਨ੍ਹਾਂ ਵਿੱਚੋਂ 60 ਫੀਸਦ ਗਿਣਤੀ ਸਿਰਫ਼ ਪੰਜਾਬੀਆਂ ਦੀ ( Punjab's youth to go abroad is a major challenge for the Bhagwant Mann government) ਹੈ। ਜੇਕਰ ਕੋਵਿਡ ਤੋਂ ਬਾਅਦ ਦੀ ਗੱਲ ਕਰੀਏ ਤਾਂ ਦੇਸ਼ ’ਚੋਂ ਪਿਛਲੀ ਵਾਰ ਕਰੀਬ ਢਾਈ ਲੱਖ ਵਿਦਿਆਰਥੀਆਂ ਨੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਪੜ੍ਹਾਈ ਵਾਸਤੇ ਅਪਲਾਈ ਕੀਤਾ ਸੀ ਜਿੰਨ੍ਹਾਂ ਵਿੱਚੋਂ 60 ਫੀਸਦ ਵਿਦਿਆਰਥੀ ਪੰਜਾਬੀ ਹਨ।
ਭਾਰਤੀ ਵਿਦਿਆਰਥੀਆਂ ਨੂੰ ਵੱਖ ਵੱਖ ਦੇਸ਼ ਦਿੰਦੇ ਨੇ ਤਵੱਜੋ: ਦੁਨੀਆ ਵਿੱਚ ਅੱਜ ਸਿੱਖਿਆ ਇੱਕ ਬਹੁਤ ਵੱਡਾ ਵਪਾਰ ਬਣ ਚੁੱਕੀ ਹੈ। ਅੱਜ ਸਿੱਖਿਆ ਦੇ ਇਸ ਵਪਾਰ ਵਿੱਚ ਦੁਨੀਆ ਦੇ ਕਈ ਦੇਸ਼ਾਂ ਅੰਦਰ ਹੋੜ ਲੱਗੀ ਹੋਈ ਹੈ। ਉਧਰ ਦੂਸਰੇ ਪਾਸੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਵਿਦਿਆਰਥੀਆਂ ਦੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨ ਦੇ ਸ਼ੌਂਕ ਨੂੰ ਦੇਖਦੇ ਹੋਏ ਵੱਖ ਵੱਖ ਦੇਸ਼ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।
ਕੈਨੇਡਾ ਨੇ ਇਸ ਵਿੱਚ ਲਿਆਂਦੀ ਤੇਜ਼ੀ:ਪੰਜਾਬੀ ਨੌਜਵਾਨ ਪੜ੍ਹਾਈ ਦੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਕੈਨੇਡਾ ਵੱਲ ਰੁਖ ਕਰਦੇ ਹਨ। ਹਰ ਰਿਜ਼ਲਟ ਤੋਂ ਬਾਅਦ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਇਸ ਦੇਸ਼ ਵਿੱਚ ਜਾ ਕੇ ਅੱਗੇ ਪੜ੍ਹਨਾ ਚਾਹੁੰਦੇ ਹਨ ਅਤੇ ਆਪਣਾ ਕੈਰੀਅਰ ਬਿਹਤਰ ਬਣਾਉਣ ਚਾਹੁੰਦੇ ਹਨ। ਇਸੇ ਨੂੰ ਦੇਖਦੇ ਹੋਏ ਕੈਨੇਡਾ ਜਿਸਨੇ ਕੋਵਿਡ ਦੇ ਦੌਰਾਨ ਵਿਦਿਆਰਥੀਆਂ ਦੇ ਵੀਜ਼ੇ ਤੋਂ ਜੋ ਰੋਕ ਲਗਾਈ ਸੀ ਉਸ ਤੋਂ ਬਾਅਦ ਹੁਣ ਇਸ ਵਿੱਚ ਖੂਬ ਤੇਜ਼ੀ ਲਿਆਂਦੀ ਜਾ ਰਹੀ ਹੈ।
ਇਮੀਗ੍ਰੇਸ਼ਨ ਮਾਹਰ ਦੱਸਦੇ ਹਨ ਕਿ ਕੈਨੇਡਾ ਦੇ ਅੰਦਰ ਇਸ ਵਕਤ 18,44,000 ਅਜਿਹੇ ਕੇਸ ਪੈਂਡਿੰਗ ਪਏ ਹਨ ਜਿੰਨ੍ਹਾਂ ਵਿੱਚੋਂ 7,75,000 ਸਿਰਫ ਟੈਂਪਰੇਰੀ ਰੈਜ਼ੀਡੈਂਟ ਵਾਲੇ ਹਨ। ਫਿਲਹਾਲ ਕੈਨੇਡਾ ਦੀ ਸਰਕਾਰ ਨੇ 500 ਬੰਦਿਆਂ ਦਾ ਸਟਾਫ ਇੰਨ੍ਹਾਂ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਵੇਖਿਆ ਹੈ ਤਾਂ ਕਿ ਅੱਗੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਸੈਟਲ ਕੀਤਾ ਜਾ ਸਕੇ। ਇਹੀ ਨਹੀਂ ਕੈਨੇਡਾ ਨੇ ਇਸਦੇ ਲਈ 85 ਮਿਲੀਅਨ ਡਾਲਰ ਦਾ ਖਰਚ ਵੀ ਨਿਰਧਾਰਿਤ ਕੀਤਾ ਹੈ।
ਅਮਰੀਕਾ ਨੇ ਸੌਖੀ ਕੀਤੀ ਇਮੀਗ੍ਰੇਸ਼ਨ ਸਰਵਿਸ: ਦੁਨੀਆ ਵਿੱਚ ਜੇਕਰ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਦੀ ਗੱਲ ਹੋਵੇ ਤਾਂ ਕੈਨੇਡਾ ਤੋਂ ਬਾਅਦ ਦੂਸਰਾ ਦੇਸ਼ ਅਮਰੀਕਾ ਮੰਨਿਆ ਜਾਂਦਾ ਹੈ . ਅਮਰੀਕਾ ਵੀ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਲਈ ਹੁਣ ਆਪਣੇ ਤੌਰ ਤੇ ਇਮੀਗ੍ਰੇਸ਼ਨ ਸਰਵਿਸ ਨੂੰ ਸੌਖਾ ਕਰ ਰਿਹਾ ਹੈ . ਇਹੀ ਕਾਰਨ ਹੈ ਕਿ ਪਿਛਲੀ ਵਾਰ ਅਮਰੀਕਾ ਜਾਣ ਲਈ 55000 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ ਜਦ ਕਿ ਇਸ ਵਾਰ ਇਹ ਗਿਣਤੀ ਵਧ ਕੇ 62000 ਹੋ ਗਈ ਹੈ।