ਜਲੰਧਰ :ਪੰਜਾਬ ਸਰਕਾਰ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਦਾਅਵਿਆਂ ਦੇ ਵਿਚਕਾਰ, 6 ਹਜ਼ਾਰ ਤਨਖਾਹ ਉਤੇ ਕੰਮ ਕਰ ਰਹੇ ਪੰਜਾਬ ਦੇ ਏਆਈਈ, ਐਸਟੀਆਰ, ਈਜੀਐਸ ਕੱਚੇ ਅਧਿਆਪਕਾਂ ਨੇ ਸੂਬਾਈ ਕਨਵੀਨਰਾਂ ਹਰਪ੍ਰੀਤ ਕੌਰ ਜਲੰਧਰ ਅਤੇ ਦਵਿੰਦਰ ਸਿੰਘ ਮੁਕਤਸਰ ਦੀ ਅਗਵਾਈ ਹੇਠ ਸੂਬਾ ਪੱਧਰੀ ਰੋਸ ਰੈਲੀ ਕਰ ਕੇ ਆਪ ਪਾਰਟੀ ਦਾ ਦਫ਼ਤਰ ਘੇਰਿਆ। ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਬਣਾਈ ਰੈਗੂਲਰ ਕਰਨ ਵਾਲੀ ਪਾਲਿਸੀ ਤਹਿਤ ਸਮੂਹ ਏਆਈਈ, ਐਸਟੀਆਰ, ਈਜੀਐਸ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰ ਕੇ ਤੁਰੰਤ ਸਭ ਦੀ ਤਨਖ਼ਾਹ ਵਧਾਉਣ ਦੀ ਮੰਗ ਕੀਤੀ। ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਜਥੇਬੰਦੀ ਦੇ ਵਫਦ ਦੀ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਵਿਸ਼ੇਸ਼ ਮੀਟਿੰਗ ਕਰਵਾਈ ਗਈ, ਮੰਗਾਂ ਮਸਲਿਆਂ ਉਤੇ ਵਿਸਥਾਰ ਸਹਿਤ ਚਰਚਾ ਮਗਰੋਂ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
19 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਨਾਲ ਪੈਨਲ ਮੀਟਿੰਗ :ਹਰਪ੍ਰੀਤ ਕੌਰ ਜਲੰਧਰ ਅਤੇ ਦਵਿੰਦਰ ਸਿੰਘ ਮੁਕਤਸਰ ਦੱਸਿਆ ਕਿ ਮੰਗਾਂ ਦੇ ਹੱਲ ਲਈ ਉਨ੍ਹਾਂ 19 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਨਾਲ ਪੈਨਲ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਮਹਿਜ਼ 6 ਹਜ਼ਾਰ ਰੁਪਏ ਤਨਖ਼ਾਹ ਉਤੇ ਪਰਿਵਾਰ ਦਾ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਹੈ ਅਤੇ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਾਡੇ ਮੁਹਾਲੀ ਧਰਨੇ ਉਤੇ ਆਏ ਸਨ ਅਤੇ ਮੰਗਾਂ ਦੇ ਹੱਲ ਕਰਨ ਵਾਅਦਾ ਕੀਤਾ ਸੀ, ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਮੰਗਾਂ ਦਾ ਹੱਲ ਨਾ ਹੋਣ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।