ਜਲੰਧਰ: ਪਿਛਲੇ ਨੌ ਦਿਨਾਂ ਤੋਂ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ 'ਸੁਰਜੀਤ ਸਿੰਘ ਹਾਕੀ ਟੂਰਨਾਮੈਂਟ' ਦਾ ਫਾਈਨਲ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਇਹ ਫ਼ਾਇਨਲ ਮੈਚ ਪੰਜਾਬ ਐਂਡ ਸਿੰਧ ਬੈਂਕ ਅਤੇ ਇੰਡੀਅਨ ਆਇਲ ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਐਂਡ ਸਿੰਧ ਬੈਂਕ ਨੇ ਆਰਮੀ ਇਲੈਵਨ ਨੂੰ 5-4 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਖਾਂ ਬਣਾਈ ਸੀ। ਦੂਸਰੇ ਪਾਸੇ ਇੰਡੀਅਨ ਆਇਲ ਨੇ ਪੰਜਾਬ ਪੁਲਿਸ ਨੂੰ 4-2 ਨਾਲ ਹਰਾ ਕੇ ਫਾਇਨਲ ਵਿੱਚ ਆਪਣੀ ਥਾਂ ਬਣਾਈ ਸੀ।
ਜਲੰਧਰ ਵਿਖੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ 10 ਅਕਤੂਬਰ ਨੂੰ ਇਸ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਹੋਈ ਸੀ ਜਿਸ ਵਿੱਚ ਦੇਸ਼ ਭਰ ਤੋਂ 13 ਟੀਮਾਂ ਨੇ ਹਿੱਸਾ ਲਿਆ ਸੀ। ਸ਼ਨੀਵਾਰ ਨੂੰ ਇਨ੍ਹਾਂ 13 ਟੀਮਾਂ ਵਿੱਚੋਂ ਪੰਜਾਬ ਐਂਡ ਸਿੰਧ ਬੈਂਕ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਫਾਇਨਲ ਵਿੱਚ ਟੱਕਰ ਲੈਣਗੀਆਂ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਇਸ ਟੂਰਨਾਮੈਂਟ ਦੇ ਆਖਰੀ ਅਤੇ ਫਾਈਨਲ ਖੇਡੇ ਜਾਣ ਵਾਲੇ ਮੈਚ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਆਓਣਗੇ ਅਤੇ ਜੇਤੂ ਟੀਮ ਨੂੰ ਟਰਾਫ਼ੀ ਅਤੇ ਸਾਢੇ 5 ਲੱਖ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕਰਨਗੇ।