ਜਲੰਧਰ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਲੰਧਰ ਪਹੁੰਚੇ। ਜਲੰਧਰ ਦੀਆਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਉਹ ਪ੍ਰਚਾਰ ਕਰ ਰਹੇ ਹਨ ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਤੋਂ ਪੁੱਛ ਗਿੱਛ ਹੁੰਦੀ ਹੈ। ਤਾਂ ਉਹ ਵੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਆਬਕਾਰੀ ਨੀਤੀ ਦੀ ਤਰਜ਼ ’ਤੇ ਬਣਾਈ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਨੀਤੀ ਵਾਂਗ ਪੰਜਾਬ ਦੀ ਆਪ ਸਰਕਾਰ ਨੇ ਸਾਰਾ ਕਾਰੋਬਾਰ ਕੁਝ ਚੋਣਵੇਂ ਠੇਕੇਦਾਰਾਂ ਹਵਾਲੇ ਕਰ ਕੇ ਸ਼ਰਾਬ ਦੇ ਕਾਰੋਬਾਰ ’ਤੇ ਏਕਾਧਿਕਾਰ ਕਾਇਮ ਕਰਵਾ ਦਿੱਤਾ ਹੈ। ਇਹਨਾਂ ਵਿਚੋਂ ਦੋ ਠੇਕੇਦਾਰਾਂ ਬ੍ਰਿੰਡਕੋ ਅਤੇ ਆਨੰਤ ਵਾਈਨਜ਼, ਜਿਹਨਾਂ ਕੋਲ ਅੱਧਾ ਸ਼ਰਾਬ ਕਾਰੋਬਾਰ ਹੈ, ਉਨ੍ਹਾਂ ਨੂੰ ਦਿੱਲੀ ਵਿਚ ਵੀ ਸ਼ਰਾਬ ਦੇ ਕਾਰੋਬਾਰ ਵਿਚ ਵੱਡਾ ਹਿੱਸਾ ਪ੍ਰਾਪਤ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਪੱਧਰ ਦਾ ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਸਰਕਾਰ ਠੇਕੇਦਾਰਾਂ ਦਾ ਮੁਨਾਫਾ ਦੁੱਗਣਾ ਕਰ ਦਿੱਤਾ ਜਦੋਂ ਕਿ ਸਰਕਾਰ ਨੂੰ ਅਜਿਹਾ ਕੁਝ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸੈਂਕੜੇ ਕਰੋੜ ਰੁਪਏ ਆਪ ਨੇ ਅਦਲੇ ਬਦਲੇ ਦੇ ਪ੍ਰਬੰਧ ਵਿਚ ਹਾਸਲ ਕੀਤੇ ਹਨ। ਉਹਨਾਂ ਦੱਸਿਆ ਕਿ ਇਸੇ ਪੈਸੇ ਦੀ ਵਰਤੋਂ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਨੂੰ ਵਧਾਉਣ ਵਾਸਤੇ ਕੀਤੀ ਜਾ ਰਹੀ ਹੈ। ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਦਾ ਸਿਲਸਿਲਾ: ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਘਪਲੇ ਦਾ ਪਰਦਾਫਾਸ਼ ਹੋ ਚੁੱਕਾ ਹੈ ਜਦੋਂਕਿ ਪੰਜਾਬ ਵਿੱਚ ‘ਆਪ’ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਦਾ ਸਿਲਸਿਲਾ ਜਾਰੀ ਹੈ ਅਤੇ ਭ੍ਰਿਸ਼ਟਾਚਾਰ ਨਾਲ ਭਰੀ ਆਬਕਾਰੀ ਨੀਤੀ ਨੂੰ ਇੱਕ ਸਾਲ ਲਈ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਜਾਂਚ ਅਤੇ ਮੁੱਖ ਮੰਤਰੀ ਤੋਂ ਸਖ਼ਤ ਪੁੱਛਗਿੱਛ ਹੀ ਸਾਰੇ ਘੁਟਾਲਿਆਂ ਦਾ ਪਰਦਾਫਾਸ਼ ਕਰ ਸਕਦੀ ਹੈ।
ਆਪ ਸਰਕਾਰ ਵੀ ਪੰਜਾਬ 'ਚ ਇਹ ਸਭ ਕਰ ਰਹੀ: ਅਕਾਲੀ ਦਲ ਦੇ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਵਾਸਤੇ ਸੱਦਣ ’ਤੇ ਜਿਸ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਤੁਰੰਤ ਦਿੱਲੀ ਪਹੁੰਚੇ। ਉਸ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਪੰਜਾਬ ਵਿਚ ਜੇਕਰ ਕੋਈ ਵੀ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਤੁਸੀਂ ਉਸਨੂੰ ਗ੍ਰਿਫਤਾਰ ਕਰ ਲੈਂਦੇ ਹੋ ਅਤੇ ਤੁਸੀਂ ਕਲਕਾਰਾਂ, ਮੀਡੀਆ ਵਾਲਿਆਂ ਤੇ ਬੁੱਧੀਜੀਵੀਆਂ ਨੂੰ ਵੀ ਨਹੀਂ ਬਖਸ਼ਿਆ ਜਦੋਂ ਕਿ ਦਿੱਲੀ ਵਿਚ ਤੁਸੀਂ ਭ੍ਰਿਸ਼ਟਾਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਤੁਹਾਡੇ ਕੋਲ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਨ ਦੀ ਜੁਰੱਅਤ ਨਹੀਂ ਹੈ।