ਜਲੰਧਰ: ਕੁਝ ਦਿਨ ਪਹਿਲਾਂ ਕਪੂਰਥਲਾ ਦੇ ਢਿਲਵਾਂ ਥਾਣੇ ਦੇ ਏਐਸਆਈ ਵੱਲੋਂ ਇੱਕ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਜੁਰਮ ਵਿੱਚ ਪੁਲਿਸ ਨੇ ਏਐਸਆਈ ਨੂੰ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਉੱਥੇ ਹੀ ਅਰਵਿੰਦਰ ਦੇ ਘਰ ਦੇ ਹਾਲਾਤਾਂ ਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਸੁਖਪਾਲ ਸਿੰਘ ਖਹਿਰਾ ਮੁੱਖ ਮੰਤਰੀ ਤੋਂ ਇੱਕ ਕਰੋੜ ਰੁਪਏ ਦਾ ਮੁਆਵਜਾ ਦੇਣ ਦੀ ਮੰਗ ਕਰ ਰਹੇ ਸਨ। ਇਸੇ ਮੰਗ ਅਧਿਨ ਸੁਖਪਾਲ ਖਹਿਰਾ ਵੱਲੋਂ 'ਮੈਂ ਵੀ ਅਰਵਿੰਦਰ ਭਲਵਾਨ' ਨਾਂਅ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਸੰਘਰਸ਼ ਨੂੰ ਹੋਰ ਤੀਖਾ ਕਰਦੇ ਹੋਏ ਖਹਿਰਾ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਤੋਂ ਇਕ ਕੈਂਡਲ ਮਾਰਚ ਕੱਢਣ ਲਈ ਇਕੱਠ ਕੀਤਾ।
ਅਰਵਿੰਦਰ ਭਲਵਾਨ ਨੂੰ ਸ਼ਰਧਾਂਜਲੀ ਦੇ ਰਹੇ ਖਹਿਰਾ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਪੁਲਿਸ ਵੱਲੋਂ ਖਹਿਰਾ ਨੂੰ ਇਕੱਠ ਕਰਨ ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਕਾਰਵਾਈ ਕੀਤੀ ਗਈ ਤੇ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੇ ਸਮਰਥਕਾਂ ਨਾਲ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਗਿਆ।
ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਕਿਉਂ?
ਜਲੰਧਰ ਦੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਪਾਲ ਖਹਿਰਾ ਨੂੰ ਪਹਿਲੇ ਹੀ ਇਸ ਗੱਲ ਦੀ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਐਸਾ ਕੋਈ ਕੰਮ ਨਾ ਕਰਨ ਜੋ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋਵੇ। ਉਨ੍ਹਾਂ ਕਿਹਾ ਕਿ ਪਰ ਸੁਖਪਾਲ ਖਹਿਰਾ ਵੱਲੋਂ ਆਪਣੇ ਸਾਥੀਆਂ ਨੂੰ ਇਕੱਠਾ ਕਰਕੇ ਗ਼ੈਰ-ਕਾਨੂੰਨੀ ਤੌਰ 'ਤੇ ਕੈਂਡਲ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਡੀਸੀਪੀ ਨੇ ਕਿਹਾ ਕਿ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਵਿੱਚ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਇਜ਼ਾਜਤ ਨਹੀਂ ਹੈ। ਇਸ ਲਈ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉੱਥੇ ਹੀ ਜਦ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 'ਮੈਂ ਵੀ ਅਰਵਿੰਦਰ ਭਲਵਾਨ' ਨਾਂਅ ਦੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਬਿਲਕੁਲ 'ਮੈਂ ਵੀ ਹਾਂ ASI ਹਰਜੀਤ ਸਿੰਘ' ਵਰਗੀ ਹੈ, ਜਿਸ ਦਾ ਸਰਕਾਰ ਤੇ ਪੁਲਿਸ ਵੱਲੋਂ ਪੂਰਾ ਸਮਰਥਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਪੁਲਿਸ ਮੁਲਾਜ਼ਮ ਦੇ ਜ਼ਖ਼ਮੀ ਹੋਣ 'ਤੇ ਸਰਕਾਰ ਵੱਲੋਂ ਉਸ ਦੇ ਪਰਿਵਾਰ ਦੀ ਮਾਲੀ ਮਦਦ ਤੇ ਪੁੱਤਰ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਧਰ ਦੂਸਰੇ ਪਾਸੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਮਾਰੇ ਗਏ ਤੇ ਜ਼ਖ਼ਮੀ ਕੀਤੇ ਗਏ ਨੌਜਵਾਨਾਂ ਦੀ ਹਿਮਾਇਤ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।