ਸੁਖਬੀਰ ਬਾਦਲ ਦੀ ਸੀਐਮ ਨੂੰ ਚੁਣੌਤੀ ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਖੋਖਲੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਮੁਹਿੰਮ ਤੋਂ ਬਾਜ਼ ਆਉਣ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪਹਿਲਾਂ ਪੰਜਾਬ ਵਿਚ ਕਾਨੂੰਨ ਪ੍ਰਬੰਧਾਂ ਵੱਲ ਧਿਆਨ ਦੇਣ ਫਿਰ ਹੀ ਨਿਵੇਸ਼ ਪੰਜਾਬ ਸੰਮੇਲਨ ਕਰਵਾਉਣ ਕਰਵਾਉਣ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਦੇਣ ਲਈ ਢੁਕਵੀਂ ਬਿਜਲੀ, ਸਹੂਲਤਾਂ ਤੇ ਪ੍ਰੋਤਸਾਹਨ ਉਪਲਬਧ ਨਹੀਂ ਤਾਂ ਪਿਰ ਆਪ ਦੀ ਸਰਕਾਰ ਕਿਵੇਂ ਨਿਵੇਸ਼ ਪੰਜਾਬ ਸੰਮੇਲਨ ਕਰਵਾਉਣ ਵੱਲ ਤੁਰੀ ਹੈ।
ਮੁਹਾਲੀ ਵਿਚ ਸ਼ੁਰੂ ਹੋ ਰਹੇ ਦੋ ਰੋਜ਼ਾ ’ਇਨਵੈਸਟ ਪੰਜਾਬ’ ਸੰਮੇਲਨ ਦਾ ਭਾਂਡਾ ਭੰਨਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਝੂਠੇ ਇਸ਼ਤਿਹਾਰਾਂ ’ਤੇ ਜਨਤਾ ਦਾ ਪੈਸਾ ਬਰਬਾਦ ਕਰਨ ਦਾ ਗੁਨਾਹ ਬੰਦ ਕਰਨ। ਉਨ੍ਹਾਂ ਕਿਹਾ ਕਿ ਬਜਾਏ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਵਾਸਤੇ ਸਹੂਲਤਾਂ ਦੀ ਸਿਰਜਣਾ ਦੇ, ਸਰਕਾਰ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਨਵੈਸਟ ਪੰਜਾਬ ਦੀ ਸਫਲਤਾ ਦੇ ਇਸ਼ਤਿਹਾਰ ਦੇਣ ਵਿਚ ਜ਼ਿਆਦਾ ਦਿਲਚਸਪੀ ਹੈ।
ਸੂਬੇ ਵਿਚ ਬਿਜਲੀ ਦੀ ਘਾਟ ਦਾ ਗੰਭੀਰ ਸੰਕਟ :ਬਾਦਲ ਨੇ ਪੁੱਛਿਆ ਕਿ ਜਦੋਂ ਇਕ ਸੂਬਾ ਸਰਕਾਰ ਜਿਸਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੋਵੇ, ਉਸ ਕੋਲ ਸੂਬੇ ਵਿਚ ਉਦਯੋਗ ਨੂੰ ਦੇਣ ਲਈ ਕੁਝ ਵੀ ਆਕਰਸ਼ਤ ਨਾ ਹੋਵੇ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਸਿੱਧੇ ਤੌਰ ’ਤੇ ਆਬਕਾਰੀ ਘੁਟਾਲੇ, ਮਾਇਨਿੰਗ ਘੁਟਾਲੇ ਤੇ ਫਿਰੌਤੀਆਂ ਵਰਗੇ ਅਪਰਾਧਾਂ ਵਿਚ ਸ਼ਾਮਲ ਹੋਣ ਤਾਂ ਫਿਰ ਕੋਈ ਸੂਬੇ ਵਿਚ ਨਿਵੇਸ਼ ਕਰਨ ਦਾ ਜੌਖ਼ਮ ਕਿਉਂ ਚੁੱਕੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ ਪਰ ਮੰਦੇ ਭਾਗਾਂ ਨੂੰ ਸੂਬੇ ਵਿਚ ਹੁਣ ਬਿਜਲੀ ਦੀ ਘਾਟ ਦਾ ਗੰਭੀਰ ਸੰਕਟ ਚਲ ਰਿਹਾ ਹੈ। ਕਿਉਂਕਿ ਕਾਂਗਰਸ ਸਰਕਾਰ ਤੇ ਹੁਣ ਆਪ ਸਰਕਾਰ ਨੇ ਬਿਜਲੀ ਦੀ ਮੰਗ ਦੀ ਸਮੀਖਿਆ ਕਰ ਕੇ ਦਰੁੱਸਤੀ ਭਰੇ ਕਦਮ ਚੁੱਕਣ ਵੱਲ ਗੌਰ ਹੀ ਨਹੀਂ ਕੀਤਾ।
ਇਹ ਵੀ ਪੜ੍ਹੋ :Amritpal Singh Warning police: ਅੰਮ੍ਰਿਤਪਾਲ ਸਿੰਘ ਦੀ ਪੁਲਿਸ ਨੂੰ ਚਿਤਾਵਨੀ, ਪਰਚੇ ਰੱਦ ਨਾ ਹੋਏ ਜਥੇਬੰਦੀ ਆਪਣੇ ਹਿਸਾਬ ਨਾਲ ਲੱਭੇਗੀ ਹੱਲ
ਪਾਵਰਕਾਮ ਹਾਲੋਂ-ਬੇਹਾਲ :ਉਨ੍ਹਾਂ ਕਿਹਾ ਕਿ ਸੂਬੇ ਵਿਚ ਪਿਛਲੇ 6 ਸਾਲਾਂ ਵਿਚ ਇਕ ਵੀ ਨਵਾਂ ਬਿਜਲੀ ਪ੍ਰਾਜੈਕਟ ਨਹੀਂ ਲੱਗਾ। ਇੰਨਾ ਹੀ ਨਹੀਂ ਬਿਜਲੀ ਕੰਪਨੀ ਪਾਵਰਕਾਮ ਹਾਲੋਂ-ਬੇਹਾਲ ਹੋਈ ਪਈ ਹੈ ਕਿਉਂਕਿ ਸੂਬਾ ਸਰਕਾਰ ਸਬਸਿਡੀ ਦੇ ਬਿੱਲ ਦੀ ਅਦਾਇਗੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬਿਜਲੀ ਦੀ ਘਾਟ ਵਿਚ ਇਥੇ ਇੰਡਸਟਰੀ ਕਿਵੇਂ ਚੱਲੇਗੀ ? ਬਾਦਲ ਨੇ ਕਿਹਾ ਕਿ ਜਦੋਂ ਨਵੀਂ ਇੰਡਸਟਰੀ ਲਈ ਗੁਆਂਢੀ ਸੂਬੇ ਵਿਚ ਲੱਗੀਆਂ ਇਕਾਈਆਂ ਨਾਲ ਮੁਕਾਬਲੇ ਵਾਸਤੇ ਨਵੀਂ ਇੰਡਸਟਰੀ ਨੀਤੀ ਵਿਚ ਕੋਈ ਵੀ ਪ੍ਰੋਤਸਾਹਨ ਨਹੀਂ ਦਿੱਤਾ ਗਿਆ ਤਾਂ ਫਿਰ ਇਸੇ ਕਾਰਨ ਪੰਜਾਬ ਦੀ ਇੰਡਸਟਰੀ ਯੂਪੀ, ਐਮਪੀ, ਪੱਛਮੀ ਬੰਗਾਲ ਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਵਿਚ ਜਾ ਰਹੀ ਹੈ। ਇਹ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਨਵੈਸਟ ਪੰਜਾਬ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ :ਉਨ੍ਹਾਂ ਨੇ ਮੁੱਖ ਮੰਤਰੀ ਦੀ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਕੋਈ ਪਕੜ ਨਾ ਹੋਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਫਿਰੋਜ਼ਪੁਰ, ਸਮਾਣਾ ਤੇ ਪਾਸਲਾ (ਫਿਲੌਰ) ਵਿਚ ਇਸ ਹਫਤੇ ਵਾਪਰੀਆਂ ਘਟਨਾਵਾਂ ਦੀਆਂ ਵੀਡੀਓ ਵਾਇਰਲ ਹੋਈਆਂ ਹਨ, ਪਰ ਪੁਲਿਸ ਨੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਸਰਕਾਰ ਵੱਲੋਂ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਚੁੱਕੇ ਕਦਮਾਂ ਬਾਰੇ ਲੋਕਾਂ ਨੂੰ ਚੇਤੇ ਕਰਵਾਉਂਦਿਆਂ ਕਿਹਾ ਕਿ ਇਨਵੈਸਟ ਪੰਜਾਬ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ :MLA Amit Ratan Arrest: ਵਿਧਾਇਕ 'ਤੇ ਕਾਰਵਾਈ ਤੋਂ ਬਾਅਦ ਭਾਜਪਾ ਨੇ ਕੀਤੀ ਮਾਨ ਦੀ ਤਾਰੀਫ਼, ਅਕਾਲੀ ਆਗੂ ਨੇ ਸੁਣਾਈਆਂ ਖਰੀਆਂ-ਖਰੀਆਂ
ਮੁੱਖ ਮੰਤਰੀ ਨੂੰ ਚੁਣੌਤੀ :ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਉਨ੍ਹਾਂ ਉਦਯੋਗਾਂ ਦੇ ਨਾਂ ਇਸ਼ਤਿਹਾਰਾਂ ਵਿਚ ਛਪਵਾਉਣ ਤੇ ਜਿਨ੍ਹਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਭਾਵੇਂ ਪਿੰਡ ਵਾਰ ਜਾਂ ਜ਼ਿਲ੍ਹੇ ਵਾਰ। ਉਨ੍ਹਾਂ ਦੀਆਂ ਸੂਚੀਆਂ ਵੀ ਇਸ਼ਤਿਹਾਰਾਂ ਵਿਚ ਛਪਵਾ ਕੇ ਵਿਖਾਉਣ। ਉਨ੍ਹਾਂ ਨੇ ਕੇਂਦਰੀ ਫੰਡਾਂ ਦੀ ਦੁਰਵਰਤੋਂ ’ਤੇ ਵੀ ਚਿੰਤਾ ਜ਼ਾਹਰ ਕੀਤੀ, ਜਿਸ ਕਾਰਨ ਆਯੁਸ਼ਮਾਨ ਭਾਰਤ ਸਕੀਮ ਤਹਿਤ ਗਰੀਬਾਂ ਦਾ ਮੁਫਤ ਇਲਾਜ ਹੋਣਾ ਬੰਦ ਹੋ ਗਿਆ ਹੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਖੋਲ੍ਹੇ ਸੇਵਾ ਕੇਂਦਰਾਂ ਨੂੰ ਬੰਦ ਕਰ ਕੇ ਲੋਕਾਂ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਗਏ ਤੇ ਫਿਰ ਇਹਨਾਂ ਦੀ ਲੀਪਾ ਪੋਚੀ ਕਰ ਕੇ ਇਹਨਾਂ ਨੂੰ ਆਮ ਆਦਮੀ ਕਲੀਨਿਕ ਬਣਾਉਣ ’ਤੇ ਫਿਰ ਪੈਸਾ ਬਰਬਾਦ ਕੀਤਾ ਗਿਆ ਜਦੋਂ ਕਿ ਅਸਲ ਵਿਚ ਸੂਬੇ ਵਿਚ ਸਿਹਤ ਸੰਭਾਲ ਢਾਂਚਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕਾ ਹੈ।