ਜਲੰਧਰ : ਜਲੰਧਰ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਵੱਲੋਂ ਸਟੇਟ ਲੈਵਲ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਹਾਜ਼ਰ ਰਹੇ। ਸਭ ਤੋਂ ਪਹਿਲਾਂ ਇਹ ਮੀਟਿੰਗ ਜਲੰਧਰ ਦੇ ਬਾਬੂ ਕਾਂਸ਼ੀ ਰਾਮ ਭਵਨ ਵਿਖੇ ਤਿੰਨ ਤੋਂ ਚਾਰ ਘੰਟੇ ਚੱਲੀ, ਜਿਸ ਤੋਂ ਬਾਅਦ ਸ਼ਾਮ ਨੂੰ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਗਿਆ ਕੀ ਜਲੰਧਰ ਜ਼ਿਮਨੀ ਚੋਣਾਂ ਗੱਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਜਾਣਗੀਆਂ, ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਲਦੀ ਹੀ ਉਮੀਦਵਾਰ ਵੀ ਐਲਾਨਿਆ ਜਾਵੇਗਾ।
ਪੰਜਾਬ ਵਿੱਚ ਕਾਨੂੰਨ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ :ਇਸ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਹਾਲਾਤ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵੱਲੋ ਗਲਤ ਚੁਣ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਉਤੇ ਤਿੱਖੇ ਤੰਜ਼ ਕੱਸਦੇ ਹੋਏ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਇੱਕ ਨੰਬਰ ਦਾ ਸ਼ਰਾਬੀ ਹੈ ਅਤੇ ਨਸ਼ੇ ਦਾ ਧੰਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਸਰਕਾਰੀ ਦਫਤਰਾਂ ਨੂੰ ਸਵੇਰੇ 7:30 ਵਜੇ ਤੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਇਹ ਵੀ ਨਿੰਦਣਯੋਗ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਅਸਲ ਪੰਜਾਬ ਦੇ ਮੁੱਦੇ ਹਨ ਉਨ੍ਹਾਂ ਉਤੇ ਪੰਜਾਬ ਸਰਕਾਰ ਬਿਲਕੁਲ ਵੀ ਵਿਚਾਰ-ਚਰਚਾ ਨਹੀਂ ਕਰ ਰਹੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰੀਕੇ ਦੇ ਨਾਲ ਖਰਾਬ ਹੋਈ ਪਈ ਹੈ। ਲਾਰੈਂਸ ਬਿਸ਼ਨੋਈ ਜਿਹੇ ਗੈਂਗਸਟਰ ਜੇਲ੍ਹਾਂ ਵਿਚੋਂ ਇੰਟਰਵਿਊ ਦੇ ਰਹੇ ਹਨ।