ਜਲੰਧਰ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦੇ ਆਪਣੇ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਲਿਸਟ ਵਿੱਚ ਸਭ ਤੋਂ ਵੱਡਾ ਨਾਮ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਦਾ ਹੈ। ਵਿਜੇ ਸਾਂਪਲਾ 'ਚੋਂ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਦੇ ਨਾਲ-ਨਾਲ ਐਸਸੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
1998 ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਕੀਤੀ ਸੀ ਪੁਲਿਟੀਕਲ ਕੈਰੀਅਰ ਦੀ ਸ਼ੁਰੂਆਤ
ਵਿਜੇ ਸਾਂਪਲਾ ਨੇ ਆਪਣੇ ਪੁਲਿਟੀਕਲ ਕੈਰੀਅਰ ਦੀ ਸ਼ੁਰੂਆਤ 1998 ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਕੀਤੀ ਸੀ। ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਬਤੌਰ ਆਪਣੇ ਜੱਦੀ ਪਿੰਡ ਸੋਫੀ ਪਿੰਡ ਦੇ ਸਰਪੰਚ ਵੱਜੋਂ ਕੀਤੀ। ਇਸ ਤੋਂ ਬਾਅਦ ਰਾਜਨੀਤੀ ਵਿਚ ਲਗਾਤਾਰ ਅਗਾਂਹ ਵਧਦੇ ਹੋਏ 2014 ਵਿੱਚ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣਾਂ ਲੜੀਆਂ ਅਤੇ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਹਰਾ ਕੇ ਇਹ ਸੀਟ ਜਿੱਤੀ। ਸੀਟ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ 2014 ਤੋ 2019 ਤੱਕ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦਿੰਦੇ ਹੋਏ ਮਨਿਸਟਰ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਬਣਾਇਆ।
ਵਿਜੇ ਸਾਂਪਲਾ ਪੰਜਾਬ ਦੀ ਦੂਸਰੀ ਐਸਸੀ ਰਾਜਨੀਤਿਕ ਹਸਤੀ
ਵਿਜੇ ਸਾਂਪਲਾ ਪੰਜਾਬ ਦੀ ਦੂਸਰੀ ਐਸਸੀ ਰਾਜਨੀਤਿਕ ਹਸਤੀ ਹਨ, ਜਿਨ੍ਹਾਂ ਨੇ ਐਨ. ਡੀ. ਏ ਸਰਕਾਰ ਵਿੱਚ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਬਤੌਰ ਮੰਤਰੀ ਰਹਿ ਚੁੱਕੇ ਹਨ। ਬਤੌਰ ਕੇਂਦਰੀ ਰਾਜ ਮੰਤਰੀ ਰਹਿਣ ਤੋਂ ਬਾਅਦ ਵੀ 2019 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਜੇ ਸਾਂਪਲਾ ਨੂੰ ਟਿਕਟ ਨਹੀਂ ਦਿੱਤੀ ਗਈ, ਜਿਸ ਕਰਕੇ ਉਹ ਪਿਛਲੀਆਂ ਲੋਕ ਸਭਾ ਚੋਣਾਂ ਨਹੀਂ ਲੜ ਪਾਏ, ਪਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਉਨ੍ਹਾਂ ਨੂੰ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਗਿਆ। ਹੁਣ ਭਾਜਪਾ ਨੇ ਵਿਜੇ ਸਾਂਪਲਾ ਨੂੰ ਵਿਧਾਨ ਸਭਾ ਚੋਣਾਂ ਦੇ ਚੱਲਦੇ ਫਗਵਾੜਾ ਤੋਂ ਬਤੌਰ ਉਮੀਦਵਾਰ ਘੋਸ਼ਿਤ ਕੀਤਾ ਹੈ।