ਕਰਤਾਰਪੁਰ: ਮੰਗਲਵਾਰ ਨੂੰ ਸੀ.ਐਚ.ਸੀ. ਕਰਤਾਰਪੁਰ ਵਿਖੇ ਉਦੋਂ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਕ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਪਰਿਵਾਰ ਨੇ ਕਰਤਾਰਪੁਰ ਪ੍ਰਸ਼ਾਸਨ 'ਤੇ ਰਿਪੋਰਟ ਵਿੱਚ ਗੜਬੜੀ ਦੇ ਦੋਸ਼ ਲਗਾ ਦਿੱਤੇ। ਮਰੀਜ਼ ਦੇ ਪਰਿਵਾਰ ਨੇ ਹਸਪਤਾਲ ਦੇ ਐਸ.ਐਮ.ਓ. ਡਾ. ਕੁਲਦੀਪ ਸਿੰਘ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
ਕੋਰੋਨਾ ਪੌਜ਼ੀਟਿਵ ਰਿਪੋਰਟ ਨੂੰ ਲੈ ਕੇ ਐਸ.ਐਮ.ਓ. ਵਿਰੁੱਧ ਨਾਅਰੇਬਾਜ਼ੀ ਜਾਣਕਾਰੀ ਅਨੁਸਾਰ ਕੋਰੋਨਾ ਪੌਜ਼ੀਟਿਵ ਆਏ ਮਰੀਜ਼ ਹਰਜੀਤ ਸਿੰਘ ਦੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਰਿਪੋਰਟ 'ਚ ਗੜਬੜੀ ਦੇ ਦੋਸ਼ ਲਾਏ। ਪੀੜਤ ਹਰਜੀਤ ਸਿੰਘ ਦੇ ਭਰਾ ਕੌਂਸਲਰ ਮਨਜੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਦਾ ਕੁੱਝ ਦਿਨ ਪਹਿਲਾਂ ਆਪ੍ਰੇਸ਼ਨ ਹੋਇਆ ਸੀ, ਉਪਰੰਤ ਕੋਰੋਨਾ ਟੈਸਟ ਵੀ ਕਰਵਾਇਆ। ਉਸਨੇ ਆਪਣੇ ਭਰਾ ਨੂੰ ਮਕਸੂਦਾਂ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਦਾ ਇਲਾਜ ਸ਼ੁਰੂ ਹੋਇਆ।
ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਰਿਪੋਰਟ ਵਿੱਚ ਗੜਬੜੀ ਹੋਣ ਬਾਰੇ ਪਤਾ ਲੱਗਿਆ ਤਾਂ ਐਸ.ਐਮ.ਓ ਨਾਲ ਸੰਪਰਕ ਕੀਤਾ ਪਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਉਸਨੇ ਕਿਹਾ ਕਿ ਹਰਜੀਤ ਸਿੰਘ ਨੂੰ ਕੋਰੋਨਾ ਪੌਜ਼ੀਟਿਵ ਵਾਰਡ ਵਿੱਚ ਰੱਖਿਆ ਗਿਆ ਹੈ, ਜੋ ਉਸ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਜੇ ਉਸਦੇ ਭਰਾ ਨੂੰ ਕੋਈ ਨੁਕਸਾਨ ਪੁੱਜਿਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਹਸਪਤਾਲ ਵਿੱਚ ਤਣਾਅਪੂਰਨ ਮਾਹੌਲ ਦੀ ਸੂਚਨਾ ਮਿਲਦੇ ਹੀ ਥਾਣਾ ਕਰਤਾਰਪੁਰ ਦੇ ਡੀ.ਐਸ.ਪੀ. ਪਰਮਿੰਦਰ ਸਿੰਘ ਅਤੇ ਥਾਣਾ ਮੁਖੀ ਸਿਕੰਦਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ।
ਜਦ ਐਸ.ਐਮ.ਓ. ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ 'ਤੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮਰੀਜ਼ ਦੇ ਦੋ ਸੈਂਪਲ ਲਏ ਜਾਂਦੇ ਹਨ। ਹਦਾਇਤਾਂ ਅਨੁਸਾਰ ਜੇ ਪਹਿਲੇ ਸੈਂਪਲ 'ਚ ਰਿਪੋਰਟ ਪੌਜ਼ੀਟਿਵ ਆਵੇ ਤਾਂ ਉਸ ਨੂੰ ਫਾਈਨਲ ਮੰਨਿਆ ਜਾਂਦਾ ਹੈ। ਜੇ ਪਹਿਲੇ ਸੈਂਪਲ 'ਚ ਰਿਪੋਰਟ ਨੈਗਟਿਵ ਆਵੇ ਅਤੇ ਸਬੰਧਤ ਵਿਅਕਤੀ ਵਿੱਚ ਵਿਭਾਗ ਨੂੰ ਲੱਛਣ ਮਹਿਸੂਸ ਹੋਣ ਤਾਂ ਦੁਬਾਰਾ ਲਿਆ ਸੈਂਪਲ ਲੈਬੋਰੇਟਰੀ ਵਿੱਚ ਭੇਜਿਆ ਜਾਂਦਾ ਹੈ। ਸੋ ਹਰਜੀਤ ਸਿੰਘ ਦੀ ਰਿਪੋਰਟ ਪੌਜ਼ੀਟਵ ਹੈ, ਇਸ ਬਾਰੇ ਕੋਈ ਸ਼ੱਕ ਨਹੀਂ।