ਜਲੰਧਰ:ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਕੰਮ ਕਰਨ ਦੀ ਛੋਟ ਨਾ ਮਿਲਣ ਦੀ ਸੂਰਤ ਵਿੱਚ ਪਾਰਟੀ ਦੀ ਇੱਟ ਨਾਲ ਇੱਟ ਖੜਕਾਉਣ ਦੇ ਦਿੱਤੇ ਬਿਆਨ ‘ਤੇ ਵਿਰੋਧੀ ਪਾਰਟੀਆਂ ਲਗਾਤਾਰ ਸਿੱਧੂ ‘ਤੇ ਸ਼ਬਦੀ ਹਮਲੇ ਕਰ ਰਹੀਆਂ ਹਨ। ਜਲੰਧਰ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਇੱਟ ਨਾਲ ਇੱਟ ਖੜਕਾਉਣ ਲਈ ਸਿੱਧੂ ‘ਆਪ‘ ਵਿੱਚ ਜਾਣ ਦੀ ਤਿਆਰੀ ਵਿੱਚ ਹਨ।
ਇੱਟ ਨਾਲ ਇੱਟ ਖੜਕਾਉਣ ਲਈ ‘ਆਪ‘ਚ ਜਾਣਗੇ ਸਿੱਧੂ:ਭਾਜਪਾ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਲੱਗ ਹੀ ਅੰਦਾਜ ਹੈ। ਕਿਹਾ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਦੋ ਮਹੀਨੇ ਹੀ ਹੋਏ ਹਨ ਅਤੇ ਇੰਨੇ ਥੋੜ੍ਹੇ ਸਮੇਂ ਵਿੱਚ ਸਲਾਹਕਾਰ ਰੱਖ ਕੇ ਆਪਣੇ ਆਪ ਨੂਂ ਉਹ ਪੂਰੀ ਤਰ੍ਹਾਂ ਮੁੱਖ ਮੰਤਰੀ ਦੀ ਫੀਲਿੰਗ ਲੈਣਾ ਚਾਹੁੰਦੇ ਹਨ। ਕਾਲੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣੇ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣਾ ਬਿਸਤਰਾ ਹੁਣ ਪੱਕਾ ਹੀ ਚੰਡੀਗੜ੍ਹ ਲਾ ਲੈਣਗੇ ਅਤੇ ਬਾਕੀਆਂ ਦਾ ਬਿਸਤਰਾ ਗੋਲ ਕਰਨਗੇ। ਕਾਲੀਆ ਨੇ ਕਿਹਾ ਕਿ ਸਭ ਜਾਣਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਿਸ ਦਾ ਬਿਸਤਰਾ ਗੋਲ ਕਰਨਾ ਚਾਹੁੰਦੇ ਹਨ।
ਰਾਵਤ ਵੀ ਟਿੱਪਣੀਆਂ ਕਰਨ ਤੋਂ ਵੱਟਣ ਲੱਗੇ ਕੰਨੀ
ਉਨ੍ਹਾਂ ਕਿਹਾ ਕਿ ਹੁਣ ਵੀ ਨਵਜੋਤ ਸਿੰਘ ਸਿੱਧੂ ਜੋ ਬਿਆਨ ਦੇ ਰਹੇ ਨੇ ਅਤੇ ਜੋ ਬਿਆਨ ਉਨ੍ਹਾਂ ਦੇ ਸਲਾਹਕਾਰ ਦੇ ਰਹੇ ਨੇ ਉਸ ਤੋਂ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਆਪਣੀਆਂ ਮਰਜ਼ੀਆਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਖ਼ੁਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਸਿੱਧੂ ਉੱਪਰ ਟਿੱਪਣੀਆਂ ਕਰਨ ਤੋਂ ਬਚ ਰਹੇ ਹਨ। ਬਿਸਤਰਾ ਗੋਲ ਕਰਨ ਵਾਲੀ ਗੱਲ ‘ਤੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਸਿੱਧੂ ਜੋ ਹਾਲਾਤ ਪੈਦਾ ਕਰ ਰਹੇ ਨੇ ਉਸ ਨਾਲ ਹੁਣ ਖੁਦ ਉਨ੍ਹਾਂ ਦਾ ਬਿਸਤਰਾ ਗੋਲ ਹੋਣ ਵਾਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਧੂ ਆਮ ਆਦਮੀ ਪਾਰਟੀ ਵਿੱਚ ਚਲੇ ਜਾਣਗੇ
ਇਸ ਦੇ ਨਾਲ ਹੀ ਕਾਲੀਆ ਨੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਨੂੰ ਬਹੁਮਤ ਸਾਬਿਤ ਕਰਨ ਵਾਲੀ ਗੱਲ ‘ਤੇ ਕਿਹਾ ਕਿ ਜਮਹੂਰੀਅਤ ਵਿੱਚ ਜਦੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਣ ਕਿ ਇੱਕ ਦੂਜੇ ‘ਤੇ ਵਿਸ਼ਵਾਸ ਨਹੀਂ ਜਮਹੂਰੀਅਤ ਦਾ ਤਕਾਜ਼ਾ ਹੈ ਕਿ ਸਪੈਸ਼ਲ ਸੈਸ਼ਨ ਬੁਲਾ ਕੇ ਰੂਲਿੰਗ ਪਾਰਟੀ ਆਪਣਾ ਬਹੁਮਤ ਸਾਬਤ ਕਰੇ। ਮਨੋਰੰਜਨ ਕਾਲੀਆ ਨੇ ਇਹ ਵੀ ਕਿਹਾ ਕਿ ਖੁਦ ਬਾਜਵਾ ਵੀ ਚਾਹੁੰਦੇ ਹਨ ਕਿ ਕੈਪਟਨ ਆਪਣਾ ਬਹੁਮਤ ਸਾਬਤ ਕਰਨ।
ਇਹ ਵੀ ਪੜ੍ਹੋ:ਕੀ ਹੋਵੇਗਾ ਪੰਜਾਬ ਕਾਂਗਰਸ ਦਾ ਭਵਿੱਖ ? ਵੇਖੋ ਖਾਸ ਰਿਪੋਰਟ