ਜਲੰਧਰ: ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਸਿੱਧੂ ਪਰਿਵਾਰ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਵਾਪਸ ਭਾਰਤੀ ਜਨਤਾ ਪਾਰਟੀ ਵਿੱਚ ਆਉਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ।
117 ਸੀਟਾਂ 'ਤੇ ਚੋਣ ਲੜਣ ਬਾਰੇ ਸਵਾਲ ਦਾ ਉਨ੍ਹਾਂ ਨੇ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੰਗ ਪਾਰਟੀ ਨੂੰ ਸੂਬੇ ਵਿੱਚ ਮਜਬੂਤ ਬਣਾਉਣ ਲਈ ਕੰਮ ਕਰ ਰਿਹਾ ਹੈ।
ਸਿੱਧੂ ਪਰਿਵਾਰ ਭਾਜਪਾ ਵਿੱਚ ਵਾਪਸੀ ਕਰ ਸਕਦਾ ਪਰ... ਇਸ ਦੌਰਾਨ ਸਿੱਧੂ ਪਰਿਵਾਰ ਦੇ ਮੁੜ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਗੱਲਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਪਰਿਵਾਰ ਵਾਪਸੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੀ ਮਨਸ਼ਾ ਸਾਫ਼ ਕਰਨੀ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਬਾਬਤ ਆਖ਼ਰੀ ਫ਼ੈਸਲਾ ਉਨ੍ਹਾਂ ਦੇ ਪਾਰਟੀ ਪ੍ਰਧਾਨ ਜੇ ਪੀ ਨੱਢਾ ਨੇ ਲੈਣਾ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਨਵਜੋਤ ਕੌਰ ਸਿੱਧੂ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਕੋਈ ਸ਼ਿਕਵਾ ਨਹੀਂ ਹੈ ਸਗੋਂ ਸ਼ਿਕਵਾ ਅਕਾਲੀ ਦਲ ਨਾਲ ਸੀ। ਇਸ ਬਾਬਤ ਬੋਲਦਿਆਂ ਭਾਜਪਾ ਆਗੂ ਨੇ ਕਿਹਾ ਕਿ ਜੇ ਭਾਜਪਾ ਨਾਲ ਕੋਈ ਸ਼ਿਕਵਾ ਹੀ ਨਹੀਂ ਸੀ ਤਾਂ ਪਾਰਟੀ ਛੱਡਣ ਦਾ ਕੋਈ ਮਤਲਬ ਨਹੀਂ ਸੀ, ਇਸ ਦਾ ਹੋਰ ਵੀ ਹੱਲ ਨਿਕਲ ਸਕਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਪਰਿਵਾਰ ਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ।