ਜਲੰਧਰ: ਅੱਜ ਹਰ ਕੋਈ ਇਸ ਇੰਤਜ਼ਾਰ ਵਿੱਚ ਹੈ ਕਿ ਸਰਕਾਰ ਕਿਸ ਵੇਲੇ ਇਹ ਐਲਾਨ ਕਰੇ ਕਿ ਸਰਕਾਰੀ ਅਤੇ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹ ਦਿੱਤਾ ਜਾਵੇਗਾ। ਇਹ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ ਕਿ ਸਕੂਲ ਜੁਲਾਈ ਮਹੀਨੇ ਵਿਚ ਖੁੱਲ੍ਹ ਸਕਦੇ ਹਨ। ਪਿਛਲੇ ਕਰੀਬ ਡੇਢ ਸਾਲ ਤੋਂ ਸਕੂਲਾਂ ਦੇ ਬੰਦ ਹੋਣ ਕਰਕੇ ਸਕੂਲਾਂ ਨੂੰ ਖਾਸਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਸਕੂਲ ਬੰਦ ਹੋਣ ਕਰਕੇ ਖਾਸਾ ਨੁਕਸਾਨ ਝੱਲਣਾ ਪਿਆ ਹੈ ਜੋ ਸਕੂਲ ਨਾਲ ਕਿਸੇ ਨਾ ਕਿਸੇ ਸੇਵਾ ਵਿੱਚ ਜੁੜੇ ਹੋਏ ਸਨ। ਇਨ੍ਹਾਂ ਵਿੱਚ ਉਹ ਬੱਸ ਆਪਰੇਟਰ ਵੀ ਸ਼ਾਮਲ ਹਨ, ਜਿਨ੍ਹਾਂ ਦੀਆਂ ਬੱਸਾਂ ਸਕੂਲ ਵਿੱਚ ਬੱਚਿਆਂ ਨੂੰ ਲੈ ਜਾਣ ਅਤੇ ਲੈ ਕੇ ਆਉਣ ਦਾ ਕੰਮ ਕਰਦੀਆਂ ਸੀ। ਅੱਜ ਇਹ ਬੱਸਾਂ ਪਿਛਲੇ ਡੇਢ ਸਾਲ ਤੋਂ ਖੜੀਆਂ ਕਬਾੜ ਬਣ ਗਈਆਂ ਹਨ। ਇਸ ਸਭ ਵਿੱਚ ਅੱਜ ਦੀ ਸਕੂਲ ਵਿਵਸਥਾ ਵਿੱਚ ਜੇ ਕਿਸੇ ਨੂੰ ਫ਼ਾਇਦਾ ਹੋ ਰਿਹਾ ਹੈ ਤਾਂ ਉਹ ਨੇ ਸਰਕਾਰੀ ਸਕੂਲ।
ਸਕੂਲ ਬੱਸ ਡ੍ਰਾਈਵਰਾਂ ਨੂੰ ਵੀ ਸਕੂਲ ਖੁੱਲਣ ਦਾ ਇੰਤਜ਼ਾਰ ਜਲੰਧਰ 'ਚ ਸਰਕਾਰੀ ਸਕੂਲਾਂ ਵੱਲ ਵਧਿਆ ਰੁਝਾਨ
ਜਿਲ੍ਹਾ ਜਲੰਧਰ ਵਿੱਚ ਕਰੀਬ 400 ਵੱਡੇ ਛੋਟੇ ਪ੍ਰਾਈਵੇਟ ਸਕੂਲ, 940 ਸਰਕਾਰੀ ਪ੍ਰਾਇਮਰੀ ਸਕੂਲ ,162 ਸਰਕਾਰੀ ਮਿਡਲ ਸਕੂਲ, 122 ਸਰਕਾਰੀ ਹਾਈ ਸਕੂਲ ਅਤੇ 152 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਕੋਵਿਡ ਤੋਂ ਪਹਿਲਾਂ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਜਗ੍ਹਾ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਚਾਹੁੰਦੇ ਸੀ ਪਰ ਕੋਵਿਡ ਦੌਰਾਨ ਲੋਅਰ ਮਿਡਲ ਕਲਾਸ ਪਰਿਵਾਰ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਸੀ ਉਨ੍ਹਾਂ ਨੇ ਆਪਣਾ ਰੁਖ਼ ਸਰਕਾਰੀ ਸਕੂਲਾਂ ਵੱਲ ਕਰ ਲਿਆ ਹੈ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਕੋਵਿਡ ਕਰਕੇ ਜਿਥੇ ਆਮਦਨੀ ਤਕਰੀਬਨ ਨਾਂਹ ਦੇ ਬਰਾਬਰ ਪਹੁੰਚ ਗਈ ਸੀ ਉਥੇ ਦੂਸਰੇ ਪਾਸੇ ਪ੍ਰਾਈਵੇਟ ਸਕੂਲਾਂ ਵੱਲੋਂ ਮੰਗੀਆਂ ਜਾਣ ਵਾਲੀਆਂ ਮੋਟੀਆਂ ਫ਼ੀਸਾਂ ਉਨ੍ਹਾਂ ਲਈ ਦੇਣੀਆਂ ਮੁਸ਼ਕਿਲ ਹੋ ਗਈਆਂ ਸਨ।
ਇਹ ਵੀ ਪੜ੍ਹੋ: ਲੌਕਡਾਊਨ: ਵਿਦਿਆਰਥੀਆਂ ਦਾ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਰੁੱਖ
ਸਰਕਾਰੀ ਸਕੂਲਾਂ ਦਾ ਵਧਿਆ ਮਿਆਰ
ਇਸ ਗੱਲ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਸਰਕਾਰੀ ਸਕੂਲਾਂ ਨੇ ਆਪਣਾ ਸਟੈਂਡਰਡ ਇਸ ਦੌਰਾਨ ਇਸ ਤਰ੍ਹਾਂ ਵਧਾ ਲਿਆ ਕੇ ਇਹ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਜ਼ਰ ਨਹੀਂ ਆਉਂਦੇ। ਬੱਚਿਆਂ ਦੇ ਮਾਪਿਆਂ ਮੁਤਾਬਕ ਉਨ੍ਹਾਂ ਦੇ ਬੱਚਿਆਂ ਨੂੰ ਜੋ ਪੜ੍ਹਾਈ ਪ੍ਰਾਈਵੇਟ ਸਕੂਲਾਂ ਚ ਕਰਾਈ ਜਾਂਦੀ ਸੀ ਉਸ ਨਾਲੋਂ ਜ਼ਿਆਦਾ ਵਧੀਆ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾ ਰਹੀ ਹੈ।
ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਇਹ ਸਰਕਾਰੀ ਸਕੂਲ ਜਿਨ੍ਹਾਂ ਵਿਚ ਅੱਜ ਹਰ ਉਹ ਸੁਵਿਧਾ ਮੌਜੂਦ ਹੈ ਜੋ ਪ੍ਰਾਈਵੇਟ ਸਕੂਲਾਂ ਵਿੱਚ ਹੁੰਦੀ ਹੈ। ਜਲੰਧਰ ਦੇ ਸ਼ਹੀਦ ਲੈਫਟੀਨੈਂਟ ਗੁਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕ ਰਾਜ ਕੌਰ ਦੱਸਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਉਨ੍ਹਾਂ ਕੋਲ ਬੱਚਿਆਂ ਦੀ ਐਡਮਿਸ਼ਨ ਦੀ ਗਿਣਤੀ 20 ਫੀਸਦੀ ਵੱਧ ਗਈ ਹੈ। ਉਨ੍ਹਾਂ ਮੁਤਾਬਕ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੜ੍ਹਾਉਣ ਲਈ ਕੰਪਿਊਟਰ ਰੂਮ ,ਵਧੀਆ ਲਾਇਬਰੇਰੀਜ਼, ਹਾਈ ਕਲਾਸ ਰੂਮਜ਼ ਜਿਨ੍ਹਾਂ ਵਿੱਚ ਸਮਾਰਟ ਕਲਾਸਿਜ਼ ਤੱਕ ਲੱਗਦੀਆਂ ਹਨ ਉਹ ਸਭ ਸਰਕਾਰੀ ਸਕੂਲਾਂ ਵਿੱਚ ਮੌਜੂਦ ਹਨ।
ਸਕੂਲ ਬੱਸ ਆਪਰੇਟਰਾਂ ਨੂੰ ਵੀ ਸਕੂਲ ਖੁੱਲਣ ਦਾ ਇੰਤਜ਼ਾਰ
ਸਕੂਲਾਂ ਦੇ ਖੁੱਲ੍ਹਣ ਦਾ ਇੰਤਜ਼ਾਰ ਬੱਸਾਂ ਦੇ ਮਾਲਕ ਵੀ ਕਰ ਰਹੇ ਨੇ ਜਿਨ੍ਹਾਂ ਦਾ ਰੁਜ਼ਗਾਰ ਅਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਦਾ ਜ਼ਰੀਆ ਇਹ ਬੱਸਾਂ ਹਨ। ਜਲੰਧਰ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੀ ਗਿਣਤੀ ਕਰੀਬ 1600 ਹੈ। ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਲੈ ਕੇ ਜਾਣ ਲਈ ਸੈਂਕੜੇ ਬੱਸ ਆਪਰੇਟਰ ਮੌਜੂਦ ਹਨ। ਅੱਜ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਤਾਂ ਇਕ ਸਾਲ ਤੱਕ ਸਕੂਲ ਬੰਦ ਰਹੇ ਜਿਸ ਕਰਕੇ ਇਨ੍ਹਾਂ ਦੀਆਂ ਖੜੀਆਂ ਬੱਸਾਂ ਕਬਾੜ ਦੇ ਰੂਪ ਲੈ ਚੁੱਕੀਆਂ ਸਨ, ਪਰ ਇਸ ਸਾਲ ਮਾਰਚ ਵਿੱਚ ਜਦੋਂ ਇਹ ਐਲਾਨ ਕੀਤਾ ਗਿਆ ਕਿ ਸਕੂਲ ਖੁੱਲ੍ਹ ਸਕਦੇ ਨੇ ਤਾਂ ਕੱਲੇ ਕੱਲੇ ਬੱਸ ਅਪਰੇਟਰਾਂ ਨੇ ਇਕ ਇਕ ਬੱਸ ਲਈ ਕਰੀਬ 60-70 ਹਜ਼ਾਰ ਰੁਪਏ ਦਾ ਖਰਚਾ ਕਰਕੇ ਆਪਣੀਆਂ ਬੱਸਾਂ ਨੂੰ ਤਿਆਰ ਕਰਵਾਇਆ, ਪਰ ਮਾਰਚ ਤੋਂ ਬਾਅਦ ਹਾਲਾਤ ਫਿਰ ਇੱਕ ਵਾਰ ਐਸੇ ਵਿਗੜੇ ਕਿ ਇਹ ਬੱਸਾਂ ਫਿਰ ਖੜ੍ਹੀਆਂ ਹੋ ਗਈਆਂ ਅਤੇ ਅੱਜ ਤਕ ਉਦਾਂ ਹੀ ਖੜ੍ਹੀਆਂ ਹਨ। ਹੁਣ ਇਨ੍ਹਾਂ ਬੱਸ ਓਪਰੇਟਰਾਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਕਿਸ ਘੜੀ ਸਕੂਲ ਖੁੱਲ੍ਹਣ ਤਾਂ ਜੋ ਇਨ੍ਹਾਂ ਦਾ ਰੋਜ਼ਗਾਰ ਇਨ੍ਹਾਂ ਨੂੰ ਦੁਬਾਰਾ ਮਿਲ ਸਕੇ।