ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਬਣਾਇਆ ਨਿਸ਼ਾਨਾ ਜਲੰਧਰ: ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਕਿਸੇ ਨੂੰ ਕਦੇ ਵੀ ਨਿਸ਼ਾਨਾ ਬਣਾ ਰਹੇ ਹਨ। ਅਜਿਹੇ ਅਨਸਰਾਂ ਨੂੰ ਕਾਨੂੰਨ ਦਾ ਰਤਾ ਵੀ ਖੌਫ਼ ਨਹੀਂ ਹੈ। ਤਾਜਾ ਮਾਮਲਾ ਫਿਲੌਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਬਜ਼ੁਰਗ ਜੋੜਾ ਬੈਂਕ ਪੈਸੇ ਕੱਢਵਾ ਕੇ ਆ ਰਿਹਾ ਸੀ ਤਾਂ 2 ਹਥਿਆਰਬੰਦ ਲੁਟੇਰਿਆਂ ਨੇ ਦੋਵਾਂ ਉੱਪਰ ਹਮਲਾ ਕਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਪੀੜਤ ਨੇ ਦੱਸੀ ਹੱਡ ਬੀਤੀ: ਬਜ਼ੁਰਗ ਬਲਿਹਾਰ ਸਿੰਘ ਵਾਸੀ ਪਿੰਡ ਹਰਿਪੁਰ ਨੇ ਦੱਸਿਆ ਕਿ ਦੁਪਹਿਰ 3 ਵਜੇ ਉਹ ਆਪਣੀ ਪਤਨੀ ਬਲਬੀਰ ਕੌਰ ਨਾਲ ਫਿਲੌਰ ਸ਼ਹਿਰ ’ਚ ਬੈਂਕ 'ਚੋਂ ਰੁਪਏ ਕਢਵਾਉਣ ਤੋਂ ਬਾਅਦ ਵਾਪਸ ਪਿੰਡ ਸਕੂਟਰੀ ’ਤੇ ਆਪਣੇ ਘਰ ਵੱਲ ਜਾ ਰਹੇ ਸਨ। ਜਦੋਂ ਉਹ ਪ੍ਰੀਤਮ ਪੈਲੇਸ ਕੋਲ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ 2 ਹਥਿਆਰਬੰਦ ਲੁਟੇਰਿਆਂ ਨੇ ਉਸ ਦੀ ਪਤਨੀ ਦੇ ਹੱਥ 'ਚ ਪਰਸ ਖੋਹਣ ਦਾ ਯਤਨ ਕੀਤਾ। ਪਤਨੀ ਨੇ ਜਦੋਂ ਪਰਸ ਨਾ ਛੱਡਿਆ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਲੁਟੇਰੇ ਨੇ ਦਾਤਰ ਕੱਢ ਕੇ ਉਸ ਦੀ ਪਤਨੀ ਦੀ ਪਿੱਠ ਉੱਤੇ ਵਾਰ ਕਰਕੇ ਉਸ ਦੇ ਮੋਢੇ ਦੀ ਹੱਡੀ ਤੋੜ ਦਿੱਤੀ। ਜਿਸ ਨਾਲ ਉਨ੍ਹਾਂ ਦੀ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦੋਵੇਂ ਸੜਕ ’ਤੇ ਡਿੱਗ ਪਿਆ।ਸਕੂਟਰੀ ਦੇ ਥੱਲੇ ਡਿੱਗਣ ਨਾਲ ਉਸ ਦੀ ਪਤਨੀ ਦੀ ਇਕ ਲੱਤ ਵੀ ਟੁੱਟ ਗਈ।
ਲੁਟੇਰਿਆਂ ਦਾ ਮੁਕਾਬਲਾ: ਕਾਬਲੇਜ਼ਿਕਰ ਹੈ ਕਿ ਬਜ਼ੁਰਗ ਜੋੜੇ ਨੇ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਜ਼ਖਮੀ ਬਲਬੀਰ ਕੌਰ ਨੇ ਵੀ ਜ਼ਖਮੀ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਨਾਲ ਲੜਦੀ ਰਹੀ। ਆਖਰਕਾਰ ਲੁਟੇਰੇ ਨੇ ਬਲਿਹਾਰ ਸਿੰਘ ਦੇ ਹੱਥ 'ਤੇ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਦੂਜੇ ਲੁਟੇਰੇ ਨੇ ਬਲਬੀਰ ਕੌਰ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਉਸ ਦੇ ਹੱਥ 'ਚੋਂ ਫੜਿਆ ਪਰਸ ਖੋਹ ਕੇ ਫਰਾਰ ਹੋ ਗਏ। ਦਸ ਦਈਏ ਕਿ ਪਰਸ ਵਿੱਚ 15 ਹਜ਼ਾਰ ਦੀ ਨਕਦੀ, 2 ਤੋਲੇ ਸੋਨੇ ਦੀ ਚੈਨ, ਪੈਨ ਕਾਰਡ ਅਤੇ ਆਧਾਰ ਕਾਰਡ ਸਨ। ਜ਼ਖ਼ਮੀ ਜੋੜੇ ਨੂੰ ਇਲਾਜ ਲਈ ਸਥਾਨਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।ਜਿੱਥੇ ਡਾਕਟਰ ਮੁਤਾਬਿਕ ਬਲਬੀਰ ਕੌਰ ਦੀ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਚੁੱਕੀ ਹੈ, ਜਦੋਂਕਿ ਬਲਿਹਾਰ ਸਿੰਘ ਦੇ ਹੱਥ 'ਤੇ ਵੀ ਤੇਜ਼ਧਾਰ ਦਾਤਰ ਦਾ ਜ਼ਖ਼ਮ ਬਣਿਆ ਹੋਇਆ ਹੈ।
ਪੁਲਿਸ ਅਧਿਕਾਰ ਦਾ ਬਿਆਨ: ਉਧਰ ਦੂਜੇ ਪਾਸੇ ਪੁਲਿਸ ਅਧਿਕਾਰ ਏ. ਐੱਸ. ਆਈ. ਗੁਰਨਾਮ ਸਿੰਘ ਦਾ ਕਹਿਣਾ ਕਿ ਉਨ੍ਹਾਂ ਨੂੰ ਲੁੱਟ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਹਨ ਅਤੇ ਰਸਤੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਲੁਟੇਰਿਆਂ ਦਾ ਪਤਾ ਲਗਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਛੇਤੀ ਤੋਂ ਛੇਤੀ ਲੁਟੇਰਿਆਂ ਨੂੰ ਕਾਬੂ ਕਰਕੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:Bathinda Jail News: ਬਠਿੰਡਾ ਜੇਲ੍ਹ ਸੁਰੱਖਿਆ ਨੂੰ ਲੈ ਕੇ ਫਿਰ ਸਵਾਲਾਂ ਦੇ ਘੇਰੇ ਵਿੱਚ, ਹੋਇਆ ਵੱਡਾ ਕਾਂਡ ?