ਜਲੰਧਰ:ਪੰਜਾਬ ਵਿੱਚ ਇੱਕ ਵਾਰ ਫੇਰ ਵਿਧਾਨ ਸਭਾ ਚੋਣਾਂ (Assembly elections) ਦਾ ਸਮਾਂ ਨਜਦੀਕ ਆਉਂਦਾ ਜਾ ਰਿਹਾ ਹੈ। ਇਸ ਵਾਰ ਇਹ ਚੋਣਾਂ 2022 ਦੀ ਸ਼ੁਰੂਆਤ ਵਿੱਚ ਹੋਣੀਆਂ ਹਨ। ਇੰਨ੍ਹਾਂ ਚੋਣਾਂ ਨੂੰ ਲੈ ਕੇ ਜਿੱਥੇ ਅਕਾਲੀ ਦਲ (Akali Dal) ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਪੰਜਾਬ ਵਿੱਚ ਆਪਣੇ ਕਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਧਰ ਭਾਜਪਾ ਅਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਹਾਲੇ ਚੋਣਾਂ ਦੇ ਹੋਰ ਨਜ਼ਦੀਕ ਆਉਣ ਦਾ ਇੰਤਜ਼ਾਰ ਕਰ ਰਹੀਆਂ ਹਨ। ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਅਤੇ ਸਰਕਾਰ ਬਣਾਈ ਸੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਜਿਸ ਵਿੱਚ ਨਸ਼ਾ, ਵਿਕਾਸ ਅਤੇ ਘਰ-ਘਰ ਨੌਕਰੀਆਂ ਦੇਣਾ ਮੁੱਖ ਵਾਅਦਾ ਸੀ। ਇੰਨ੍ਹਾਂ ਵਾਅਦਿਆਂ ਵਿੱਚੋਂ ਇੱਕ ਮੁੱਖ ਮੁੱਦਾ ਸੀ ਪੰਜਾਬ ਦਾ ਵਿਕਾਸ।
2017 ਕਿਸ ਪਾਰਟੀ ਦੇ ਉਮੀਦਵਾਰ ਨੇ ਕੀਤੀ ਸੀ ਜਿੱਤ ਹਾਸਿਲ ?
ਜਲੰਧਰ ਦਾ ਨਾਰਥ ਵਿਧਾਨ ਸਭਾ ਹਲਕਾ ਜਿੱਥੇ 2017 ਦੀਆਂ ਵਿਧਾਨ ਸਭਾ ਚੋਣਾਂ (Assembly elections) ਵਿੱਚ ਕੁੱਲ ਗਿਆਰਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਇੰਨ੍ਹਾਂ ਵਿੱਚੋਂ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਹੈਨਰੀ ਜੂਨੀਅਰ ਨੇ ਭਾਜਪਾ ਦੇ ਵਿਧਾਇਕ ਕੇ.ਡੀ ਭੰਡਾਰੀ ਨੂੰ ਹਰਾ ਕੇ ਇਹ ਚੋਣਾਂ ਜਿੱਤ ਲਈਆਂ ਸਨ। ਇੰਨ੍ਹਾਂ ਦੋਨਾਂ ਤੋਂ ਇਲਾਵਾ ਇਸ ਹਲਕੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਨੈਸ਼ਲਿਸਟ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਅਰੋੜਾ , ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਰਦੁਆਰੀ ਲਾਲ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਸਮੇਤ ਕੁੱਲ ਗਿਆਰਾਂ ਲੋਕਾਂ ਨੇ ਚੋਣਾਂ ਲੜੀਆਂ ਸਨ।
ਜਲੰਧਰ ਨੌਰਥ ਵਿਧਾਨ ਸਭਾ ਹਲਕੇ ’ਚ ਕਿੰਨ੍ਹਾ ਹੋਇਆ ਵਿਕਾਸ ?
ਜਲੰਧਰ ਨੌਰਥ ਵਿਧਾਨ ਸਭਾ ਹਲਕੇ (Jalandhar North Assembly constituency) ਦੀ ਜੇਕਰ ਗੱਲ ਕਰੀਏ ਤਾਂ ਇਸ ਹਲਕੇ ਵਿੱਚ ਕੁੱਲ 1,84,653 ਵੋਟਰ ਹਨ ਜਿੰਨ੍ਹਾਂ ਵਿਚੋਂ 97,244 ਪੁਰਸ਼ ਨੇ ਜਦਕਿ 87,408 ਮਹਿਲਾ ਵੋਟਰ ਸ਼ਾਮਲ ਹਨ। ਜੇਕਰ ਇਸ ਇਲਾਕੇ ਨੂੰ ਜਲੰਧਰ ਨਗਰ ਨਿਗਮ ਦੇ ਵਾਰਡਾਂ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਵਿੱਚ ਕੁੱਲ ਗਿਆਰਾਂ ਵਾਰਡ ਹਨ ਜਿੰਨ੍ਹਾਂ ਦੀ ਗਿਣਤੀ ਵਾਰਡ ਨੰਬਰ ਇੱਕ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਜਲੰਧਰ ਨਾਰਥ ਵਿਧਾਨ ਸਭਾ ਹਲਕਾ ਉਹ ਹਲਕਾ ਹੈ ਜਿਸ ਵਿੱਚ ਜਲੰਧਰ ਦੇ ਕਈ ਨਾਮੀ ਕਾਲਜ , ਫੋਕਲ ਪੁਆਇੰਟ , ਟਰਾਂਸਪੋਰਟ ਨਗਰ ਦੇ ਨਾਲ-ਨਾਲ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਿਰ ਵੀ ਸਥਾਪਿਤ ਹੈ। ਜਿੱਥੇ ਇੱਕ ਪਾਸੇ ਇਸ ਵਾਰਡ ਵਿੱਚ ਇੰਨ੍ਹਾਂ ਵਿੱਦਿਅਕ ਸੰਸਥਾਨਾਂ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਰਹਿ ਰਹੇ ਹਿੰਦੂਆਂ ਲਈ ਖ਼ਾਸ ਸ੍ਰੀ ਦੇਵੀ ਤਲਾਬ ਮੰਦਿਰ ਅਤੇ ਸੋਢਲ ਮੰਦਰ ਹਨ ਜਿੱਥੇ ਪੂਰੀ ਦੁਨੀਆਂ ਆ ਕੇ ਮੱਥਾ ਟੇਕਦੀ ਹੈ। ਦੂਸਰੇ ਪਾਸੇ ਇਸ ਵਿਧਾਨ ਸਭਾ ਹਲਕੇ ਵਿੱਚ ਕੁਝ ਅਜਿਹੇ ਇਲਾਕੇ ਵੀ ਹਨ ਜਿੰਨ੍ਹਾਂ ਵਿੱਚ ਇੱਕ ਆਮ ਇਨਸਾਨ ਕਦੇ ਵੀ ਰਹਿਣਾ ਨਹੀਂ ਚਾਹੇਗਾ।
ਅਜਿਹਾ ਹੀ ਇਲਾਕਾ ਹੈ ਇਸ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ ਇੱਕ ਦਾ ਇਲਾਕਾ ਇੰਦਰਾ ਕਾਲੋਨੀ।ਇਹ ਕਲੋਨੀ ਇਸ ਵਾਰਡ ਦਾ ਇਕ ਅਜਿਹਾ ਰਿਹਾਇਸ਼ੀ ਇਲਾਕਾ ਹੈ ਜਿਸ ਵਿੱਚ ਮੌਜੂਦਾ ਐਮਐਲਏ ਵੱਲੋਂ ਸੀਵਰੇਜ ਅਤੇ ਸੜਕਾਂ ਦਾ ਕੰਮ ਤਾਂ ਕਰਵਾਇਆ ਗਿਆ ਹੈ ਪਰ ਜੇਕਰ ਅਸਲੀਅਤ ਉੱਥੇ ਜਾ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਫਾਰਮੈਲਟੀ ਦੇ ਤੌਰ ’ਤੇ ਕੀਤੇ ਗਏ ਇਸ ਕੰਮ ਨਾਲ ਇਲਾਕੇ ਦੇ ਰਹਿਣ ਵਾਲੇ ਕਿਸੇ ਵੀ ਨਾਗਰਿਕ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਬਲਕਿ ਉਹ ਲੋਕ ਇੱਥੇ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਨ ਵਾਲੇ ਮੱਛਰਾਂ ਦੇ ਵਿੱਚ ਅਤੇ ਜਗ੍ਹਾ-ਜਗ੍ਹਾ ਇਕੱਠੇ ਹੋਏ ਸੀਵਰੇਜ ਦੇ ਪਾਣੀ ਦੇ ਆਲੇ ਦੁਆਲੇ ਆਪਣੇ ਘਰ ਬਣਾ ਕੇ ਰਹਿਣ ਨੂੰ ਮਜਬੂਰ ਹਨ।