ਜਲੰਧਰ: ਪੰਜਾਬ ਵਿੱਚ ਪਿਛਲੇ ਕਰੀਬ 2 ਦਹਾਕਿਆਂ ਤੋਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਹਾਲਾਤ ਇਹ ਹੋ ਚੁੱਕੇ ਹਨ ਕਿ ਪੁਲਿਸ ਵੱਲੋਂ ਕਈ ਪਿੰਡਾਂ ਵਿੱਚ ਚਾਰੇ ਪਾਸਿਓਂ ਘੇਰ ਕੇ ਉਥੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਕਿ ਨਸ਼ੇ ਨੂੰ ਠੱਲ੍ਹ ਪਾਈ ਜਾ ਸਕੇ। ਪਰ ਇਸ ਦੇ ਦੂਸਰੇ ਪਾਸੇ ਪੰਜਾਬ ਵਿੱਚ ਕਈ ਪਿੰਡ ਅਜਿਹੇ ਵੀ ਹਨ ਜਿਨ੍ਹਾਂ ਦਾ ਇੱਕ ਵੀ ਨੌਜਵਾਨ ਜਾਂ ਬਜ਼ੁਰਗ ਨਸ਼ੇ ਨਹੀਂ Village Rani Bhatti where no one does drugs ਕਰਦਾ। ਅਜਿਹਾ ਹੀ ਜਲੰਧਰ ਦਾ ਇਕ ਪਿੰਡ ਰਾਣੀ ਭੱਟੀ ਹੈ। ਪੇਸ਼ ਹੈ ਇਸ ਪਿੰਡ ਦੇ ਇਕ ਖਾਸ ਰਿਪੋਰਟ...
ਪਿੰਡ ਦਾ ਹਰ ਨੌਜਵਾਨ ਕਰਦਾ ਹੈ ਕੋਈ ਨਾ ਕੋਈ ਕੰਮ:ਜਲੰਧਰ ਦੇ ਭੋਗਪੁਰ ਬਲਾਕ ਦਾ ਪਿੰਡ ਰਾਣੀ ਭੱਟੀ ਇਲਾਕੇ ਦਾ ਇੱਕ ਅਜਿਹਾ ਪਿੰਡ ਹੈ ਜਿਸ ਦੀ ਆਬਾਦੀ ਕੁੱਲ 1200 ਦੇ ਕਰੀਬ ਹੈ ਅਤੇ ਇਸ ਪਿੰਡ ਵਿੱਚ 500 ਦੇ ਕਰੀਬ ਵੋਟਰ ਹਨ। ਇਸ ਪਿੰਡ ਦੀ ਕਰੀਬ 10 ਫ਼ੀਸਦ ਆਬਾਦੀ ਵਿਦੇਸ਼ ਵਿੱਚ ਜਾ ਕੇ ਸੈਟਲ ਹੋ ਗਈ ਹੈ। ਪਿੰਡ ਵਿੱਚ ਰਹਿਣ ਵਾਲਾ ਹਰ ਨੌਜਵਾਨ ਕੋਈ ਨਾ ਕੋਈ ਕੰਮ ਕਰਦਾ ਹੈ। ਇਕ ਪਾਸੇ ਜਿਥੇ ਲੋਕ ਕਾਸ਼ਤਕਾਰੀ ਦਾ ਕੰਮ ਕਰਦੇ ਹਨ। ਉਸ ਦੇ ਨਾਲ ਹੀ ਪ੍ਰਾਈਵੇਟ ਨੌਕਰੀਆਂ ਮਜ਼ਦੂਰੀ ਦਾ ਕੰਮ ਵੀ ਕਰਦੇ ਹਨ।
ਕੁਝ ਹੀ ਘਰ ਦਿੰਦੇ ਹਨ ਨੌਜਵਾਨਾਂ ਨੂੰ ਰੁਜ਼ਗਾਰ:ਪਿੰਡ ਅੰਦਰ ਕੁਝ ਹੀ ਘਰ ਜ਼ਿਮੀਂਦਾਰਾਂ ਦੇ ਹਨ। ਉਹ ਸਿਰਫ ਆਪਣੀ ਜ਼ਮੀਨ ਉਤੇ ਖੇਤੀ ਨਹੀਂ ਕਰਦੇ ਬਲਕਿ ਪਿੰਡ ਅਤੇ ਨੇੜਲੇ ਪਿੰਡਾਂ ਵਿੱਚੋਂ ਵਿਦੇਸ਼ਾਂ ਵਿੱਚ ਜਾ ਕੇ ਵਸੇ ਲੋਕਾਂ ਦੀ ਜ਼ਮੀਨ ਠੇਕੇ ਉਤੇ ਲੈਦੇ ਹਨ। ਇਹ ਪਰਿਵਾਰ ਖੇਤਾਂ ਵਿੱਚ ਆਪਣੇ ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੇ ਹਨ। ਇਹੀ ਕਾਰਨ ਹੈ ਕਿ ਪਿੰਡ ਦਾ ਇੱਕਾ ਦੁੱਕਾ ਨੌਜਵਾਨ ਛੱਡ ਕੇ ਹਰ ਕਿਸੇ ਕੋਲ ਕੋਈ ਨਾ ਕੋਈ ਰੋਜ਼ਗਾਰ ਹੈ। ਪਿੰਡ ਵਿੱਚ ਖੇਤੀ ਕਰਨ ਵਾਲੇ ਕਿਸਾਨ ਦੱਸਦੇ ਹਨ ਕਿ ਉਨ੍ਹਾਂ ਦੇ ਖੇਤਾਂ ਵਿੱਚ ਉਨ੍ਹਾਂ ਦੇ ਹੀ ਪਿੰਡ ਦੇ ਨੌਜਵਾਨ ਨੌਕਰੀ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਖੇਤੀ ਵਿੱਚ ਸਾਥ ਵੀ ਦਿੰਦੇ ਹਨ।
ਪਿੰਡ ਵਿੱਚ ਨਹੀਂ ਕੋਈ ਜਾਤ ਪਾਤ ਦਾ ਭੇਦਭਾਵ :ਜਲੰਧਰ ਦੇ ਇਸ ਪਿੰਡ ਦੀ ਕੁੱਲ ਆਬਾਦੀ ਕਰੀਬ 1200 ਹੈ ਅਤੇ ਇਸ ਵਿੱਚੋਂ 92 ਫ਼ੀਸਦੀ ਆਬਾਦੀ ਸਿਰਫ਼ ਐਸਸੀ (SC) ਲੋਕਾਂ ਦੀ ਹੈ। ਪਿੰਡ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਐਸਸੀ (SC) ਲੋਕਾਂ ਦੇ ਹੋਣ ਦੇ ਬਾਵਜੂਦ ਪਿੰਡ ਵਿੱਚ ਜਾਤ ਪਾਤ ਦਾ ਕੋਈ ਵੀ ਭੇਦਭਾਵ ਨਹੀਂ ਹੈ। ਸਾਰਾ ਪਿੰਡ ਇੱਕ ਦੂਜੇ ਨਾਲ ਮਿਲ ਚਿੱਤ ਰਹਿੰਦਾ ਹੈ। ਇੱਥੇ ਤੱਕ ਕੇ ਪਿੰਡ ਵਿੱਚ ਹਰ ਧਾਰਮਿਕ ਕਾਰਜਕ੍ਰਮ ਜਾਂ ਫਿਰ ਕਿਸੇ ਦੇ ਘਰ ਕਿਸੇ ਸੁੱਖ ਦੁੱਖ ਦੇ ਸਾਰਾ ਪਿੰਡ ਇੱਕ ਦੂਜੇ ਨਾਲ ਖੜ੍ਹਾ ਹੁੰਦਾ ਹੈ। ਪਿੰਡ ਦੇ ਸਰਪੰਚ ਮੁਕੇਸ਼ ਚੰਦਰ ਮੁਤਾਬਕ ਉਨ੍ਹਾਂ ਦੇ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਤੀਵਾਦ ਜਾਂ ਭੇਦਭਾਵ ਨਹੀਂ ਹੈ। ਪਿੰਡ ਵਿੱਚ ਰਹਿੰਦੇ ਐਸਸੀ ਲੋਕ ਜਿਮੀਦਾਰਾਂ ਦੇ ਖੇਤਾਂ ਵਿੱਚ ਨਾ ਸਿਰਫ਼ ਕੰਮ ਕਰਦੇ ਹਨ ਬਲਕਿ ਉਨ੍ਹਾਂ ਦੇ ਪਰਿਵਾਰਾਂ ਨਾਲ ਭਾਈਚਾਰਕ ਸਾਂਝ ਵੀ ਰੱਖਦੇ ਹਨ।