ਜਲੰਧਰ:ਕਾਂਗਰਸ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਚੌਧਰੀ ਸੰਤੋਖ ਚੌਧਰੀ ਦਾ ਅੱਜ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਕਾਂਗਰਸੀ ਖੇਮੇ ਵਿੱਚ ਸੋਗ ਦੀ ਲਹਿਰ ਹੈ। ਲਗਾਤਾਰ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨਾਲ ਮਿਲ ਕੇ ਸਿਆਸੀ ਆਗੂਆਂ ਵਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਰਾਹੁਲ ਗਾਂਧੀ ਵੀ ਉਨ੍ਹਾਂ ਦੇ ਘਰ ਪਹੁੰਚੇ ਹਨ।
ਪਰਿਵਾਰ ਨਾਲ ਕੀਤਾ ਦੁੱਖ ਸਾਂਝਾ:ਰਾਹੁਲ ਗਾਂਧੀ ਜਲੰਧਰ ਦੇ ਫੁੱਟਬਾਲ ਚੌਂਕ ਸਥਿਤ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੇ ਘਰ ਉਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੰਚੇ ਤੇ ਉਹਨਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਅਫਸੋਸ ਜ਼ਾਹਿਰ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਕਾਂਗਰਸ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਥੇ ਹੀ ਇਸ ਮੌਕੇ ਉੱਤੇ ਕਈ ਰਾਜਨੀਤਕ ਆਗੂ ਵੀ ਪੁੱਜੇ ਹੋਏ ਸਨ। ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਕਿਹਾ ਗਿਆ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ। ਅੱਜ ਸਵੇਰੇ ਉਹ ਉਨ੍ਹਾਂ ਦੇ ਨਾਲ ਇਕੱਠੇ ਹੋ ਕੇ ਯਾਤਰਾ ਸ਼ੁਰੂ ਕੀਤੀ ਸੀ ਇਸ ਦੌਰਾਨ ਉਨ੍ਹਾਂ ਨੂੰ ਹਾਟ ਅਟੈਕ ਆਉਣ ਨਾਲ ਉਨ੍ਹਾਂ ਦੀ ਮੌਤ ਹੋਈ ਹੈ। ਇਸ ਸਮੇਂ ਉਨ੍ਹਾਂ ਦਾ ਨਾਲ ਨਾ ਹੋਣ ਨਾਲ ਸਮੁੱਚੀ ਕਾਂਗਰਸ ਪਾਰਟੀ ਨੂੰ ਕਾਫੀ ਅਫਸੋਸ ਹੈ।