ਜਲੰਧਰ:ਸੋਮਵਾਰ ਨੂੰ ਭਾਰਤ ਜੋੜੋ ਯਾਤਰਾ ਦੇ ਤੀਜੇ ਦਿਨ ਰਾਹੁਲ ਗਾਂਧੀ ਵਰਕਰਾਂ ਨਾਲ ਜਲੰਧਰ ਦੇਹਾਤੀ ਇਲਾਕੇ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਵੱਲ ਜਾਣਗੇ। ਬੀਤੇ ਦਿਨ ਐਤਵਾਰ ਨੂੰ ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਦੇ ਅੰਤਿਮ ਸਸਕਾਰ ਤੋ ਬਾਅਦ ਭਾਰਤ ਜੋੜੋ ਯਾਤਰਾ ਮੁੜ ਸ਼ੁਰੂ ਕੀਤੀ ਗਈ, ਜੋ ਸ਼ਾਮ ਸਾਢੇ 6 ਵਜੇ ਜਲੰਧਰ ਦੇ ਹੇਮਕੁੰਟ ਪਬਲਿਕ ਸਕੂਲ ਕੋਲ ਸਮਾਪਤ ਹੋਈ ਸੀ। ਜਲੰਧਰ ਦੇ ਖਾਲਸਾ ਕਾਲਜ ਗ੍ਰਾਊਂਡ ਤੋਂ ਸ਼ੁਰੂ ਹੋਈ ਪੈਦਲ ਯਾਤਰਾ ਵਿੱਚ ਰਾਹੁਲ 16 ਕਿਮੀ ਚੱਲੇ।
ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਦਾ ਸੰਬੋਧਨ:ਹੁਸ਼ਿਆਰਪੁਰ ਵਿੱਚ ਆਪਣੇ ਸੰਬੋਧਨ ਵਿੱਚ ਰਾਹੁਲ ਗਾਂਧੀ ਨੇ ਆਪ ਸਰਕਾਰ ’ਤੇ ਕਈ ਵਾਰ ਕੀਤੇ। ਉਨ੍ਹਾਂ ਨੇ ਸੀਐੱਮ ਭਗਵੰਤ ਮਾਨ 'ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਨਾਂਅ ਲੈ ਕੇ ਕਿਹਾ ਕਿ ਪੰਜਾਬ ਨੂੰ ਪੰਜਾਬ ਤੋਂ ਹੀ ਚਲਾਉਣਾ ਚਾਹੀਦਾ ਹੈ। ਸੀਐੱਮ ਨੂੰ ਦਿੱਲੀ ਦਾ ਰਿਮੋਰਟ ਕੰਟਰੋਲ ਨਹੀਂ ਬਣਨਾ ਚਾਹੀਦਾ।
ਹੁਸ਼ਿਆਰਪੁਰ ਟਾਂਡਾ ਪਹੁੰਚਣ ਉਤੇ ਰਾਹੁਲ ਗਾਂਧੀ ਦਾ ਭਰਵਾ ਸੁਆਗਤ:ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਹੁਸ਼ਿਆਰਪੁਰ ਪਹੁੰਚੇ ਜਿਥੇ ਕਿ ਹਲਕਾ ਟਾਂਡਾ ਵਿਚ ਪਹੁੰਚਣ ਤੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਵੱਲੋਂ ਰਾਹੁਲ ਗਾਂਧੀ ਦਾ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਵਿਚ ਰਾਹੁਲ ਗਾਂਧੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਡਮ ਨਵਜੋਤ ਕੌਰ ਸਿੱਧੂ, ਅੰਮ੍ਰਿਤਾ ਵੜਿੰਗ ਸਮੇਤ ਹੋਰ ਵੀ ਮਾਂਝੇ ਅਤੇ ਦੁਆਬੇ ਦੇ ਦਿੱਗਜ਼ ਆਗੂ ਮੌਜੂਦ ਸਨ। ਰਾਹੁਲ ਗਾਂਧੀ ਨੂੰ ਦੇਖਣ ਲਈ ਹਜ਼ਾਰਾ ਦੀ ਤਾਦਾਦ ਵਿਚ ਹਜ਼ੂਮ ਵੀ ਉਮੜਿਆ ਹੋਇਆ ਸੀ। ਜਿਵੇਂ ਹੀ ਰਾਹੁਲ ਗਾਂਧੀ ਟਾਂਡਾ ਵਿਚ ਪਹੁੰਚੇ ਤਾਂ ਲੋਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਉਤਾਵਲੇ ਹੋ ਗਏ। ਪੂਰਾ ਅਸਮਾਨ ਰਾਹੁਲੀ ਗਾਂਧੀ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ। ਰਾਹੁਲ ਗਾਂਧੀ ਕੱਲ੍ਹ 17 ਜਨਵਰੀ ਨੂੰ ਦਸੂਹਾ ਅਤੇ ਮੁਕੇਰੀਆਂ ਵਿਚ ਯਾਤਰਾ ਕੱਢਣਗੇ। ਫਿਰ ਆਪਣੇ ਅਗਲੇ ਪੜਾਵ ਲਈ ਰਵਾਨਾ ਹੋ ਜਾਣਗੇ। ਜੇਕਰ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਨਾਲ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸਾਂ ਲੱਗੀਆਂ ਹੋਈਆਂ ਹਨ।
ਯਾਤਰਾ ਦਾ ਅੱਜ ਦਾ ਰੂਟ:ਜਲੰਧਰ ਦੇ ਕਾਲਾ ਬਕਰਾ ਤੋਂ ਸ਼ੁਰੂ ਹੋਣ ਵਾਲੀ ਭਾਰਤ ਜੋੜੋ ਯਾਤਰਾ ਭੋਗਪੁਰ ਵਿਖੇ ਟੀ-ਬ੍ਰੇਕ ਤੋਂ ਬਾਅਦ ਖਰਲ ਕਲਾਂ ਵਿੱਚ ਪਹਿਲੇ ਪੜਾਅ ਲਈ ਰੁਕੇਗੀ। ਦੁਪਹਿਰ ਨੂੰ ਯਾਤਰਾ 3 ਵਜੇ ਇੱਥੋ ਹੀ ਸ਼ੁਰੂ ਹੋਵੇਗੀ ਅਤੇ ਢਡਿਆਲ ਕੋਲ ਟ੍ਰੀ- ਬ੍ਰੇਕ ਲੈ ਕੇ ਟਾਂਡ ਚਾਵਲਾ ਸਕਾਈ ਬਾਰ ਟੀ-ਪੁਆਇੰਟ ਉੱਤੇ ਖ਼ਤਮ ਹੋਵੇਗੀ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਵਧੇਗੀ। ਇਹ ਯਾਤਰਾ ਜਲੰਧਰ-ਹੁਸ਼ਿਆਰਪੁਰ ਹਾਈਵੇ ਤੋਂ ਕੱਢੀ ਜਾਵੇਗੀ। ਇਸ ਨੂੰ ਲੈ ਕੇ ਆਮ ਜਨਤਾ ਨੂੰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਦੇਹਾਤੀ ਪੁਲਿਸ ਵੱਲੋਂ ਰੂਟ ਡਾਇਵਰਟ ਦਾ ਪਲਾਨ ਜਾਰੀ ਕੀਤਾ ਗਿਆ ਹੈ। ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ 16 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਸਿਟੀ ਤੋਂ ਬਾਅਦ ਦੇਹਾਤੀ ਵਿੱਚ ਦਾਖਲ ਹੋਵੇਗੀ ਜਿਸ ਕਾਰਨ ਸਕਿਓਰਿਟੀ ਦੇ ਮੱਦੇਨਜ਼ਰ ਪਠਾਨਕੋਟ ਦੇ ਰਸਤੇ ਬੰਦ ਰਹਿਣਗੇ।