ਜਲੰਧਰ:ਪੰਜਾਬ ਦੀ ਰਾਜਨੀਤੀ (Politics of Punjab) ਵਿੱਚ ਪੁਲਿਸ ਅਫ਼ਸਰਾਂ (Police officers) ਦਾ ਸ਼ਾਮਿਲ ਹੋਣਾ ਅਤੇ ਇੱਕੋ ਪਾਰਟੀ ਵੱਲ ਸਾਰਿਆਂ ਦਾ ਰੁਖ ਹੋਣਾ ਅੱਜਕੱਲ੍ਹ ਆਮ ਨਜ਼ਰ ਆ ਰਿਹਾ ਹੈ। ਇਸ ਵਾਰ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਪੁਲਿਸ ਦੇ ਤਿੰਨ ਸੀਨੀਅਰ ਅਫ਼ਸਰ ਜਿੰਨ੍ਹਾਂ ਵਿੱਚੋਂ ਸੇਵਾਮੁਕਤ ਹੋਣ ਤੋਂ ਬਾਅਦ ਅਤੇ ਕੋਈ ਨੌਕਰੀ ਛੱਡ ਕੇ ਰਾਜਨੀਤੀ ਨਾਲ ਜੁੜ ਚੁੱਕਿਆ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਇੰਨ੍ਹਾਂ ਅਫਸਰਾਂ ਨੇ ਪੰਜਾਬ ਦੀ ਉਸ ਪਾਰਟੀ ਨੂੰ ਚੁਣਿਆ ਹੈ ਜੋ ਪਿਛਲੀ ਵਾਰ ਹੁੰਮ ਹੁਮਾ ਕੇ ਪੰਜਾਬ ਦੀ ਰਾਜਨੀਤੀ ਵਿੱਚ ਆਈ ਸੀ ਪਰ ਵਿਰੋਧੀ ਧਿਰ ਬਣ ਕੇ ਰਹਿ ਗਈ।
ਪੁਲਿਸ ਅਫ਼ਸਰਾਂ ਨੂੰ ਕਿਉਂ ਪਸੰਦ ਹੈ ਆਮ ਆਦਮੀ ਪਾਰਟੀ ?
ਪਹਿਲਾਂ ਵੀ ਬਹੁਤ ਵਾਰ ਪੰਜਾਬ ਦੀ ਰਾਜਨੀਤੀ ਵਿੱਚ ਪੁਲਿਸ ਅਫ਼ਸਰਾਂ (Police officers) ਦਾ ਆਉਣ ਜਾਣਾ ਚੱਲਦਾ ਰਹਿੰਦਾ ਸੀ ਪਰ ਇਸ ਵਾਰ ਪੰਜਾਬ ਦੇ ਪੁਲਿਸ ਅਫ਼ਸਰਾਂ ਵੱਲੋਂ ਜ਼ਿਆਦਾਤਰ ਰੁਝਾਨ ਸਿਰਫ਼ ਆਮ ਆਦਮੀ ਪਾਰਟੀ (Aam Aadmi Party) ਵੱਲ ਦਿਖਾਇਆ ਜਾ ਰਿਹਾ ਹੈ। ਇਹ ਰੁਝਾਨ ਸ਼ੁਰੂ ਹੋਇਆ ਸੀ 2014 ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਜੇਲ੍ਹ ਸ਼ਸ਼ੀਕਾਂਤ (Former DGP Jail Shashikant) ਨੇ ਆਮ ਆਦਮੀ ਪਾਰਟੀ ਦਾ ਰੁਖ ਕੀਤਾ ਸੀ। ਇਸੇ ਤਰ੍ਹਾਂ ਹੁਣ ਪੰਜਾਬ ਦੇ ਇੱਕ ਸੀਨੀਅਰ ਆਈਪੀਐਸ ਅਫ਼ਸਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਇਹੀ ਨਹੀਂ ਇਸ ਤੋਂ ਬਾਅਦ ਜਲੰਧਰ ਦੇ ਸਾਬਕਾ ਡੀਸੀਪੀ ਬਲਕਾਰ ਸਿੰਘ ਅਤੇ ਓਲੰਪੀਅਨ ਅਤੇ ਸਾਬਕਾ ਆਈ ਜੀ ਸੁਰਿੰਦਰ ਸਿੰਘ ਸੋਢੀ ਨੇ ਵੀ ਆਮ ਆਦਮੀ ਪਾਰਟੀ ਵੱਲ ਰੁਖ਼ ਕੀਤਾ। ਜ਼ਾਹਿਰ ਹੈ ਅੱਜ ਕੁੰਵਰ ਵਿਜੈ ਪ੍ਰਤਾਪ (Kunwar Vijay Pratap) , ਬਲਕਾਰ ਸਿੰਘ ਅਤੇ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ (Former IG Surinder Singh Sodhi) ਪੰਜਾਬ ਦੇ ਵੱਖ ਵੱਖ ਵਿਧਾਨਸਭਾ ਇਲਾਕਿਆਂ ਤੋਂ ਚੋਣਾਂ ਲੜਨ ਲਈ ਤਿਆਰ ਬੈਠੇ ਹਨ। ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਸਾਬਕਾ ਅਫਸਰਾਂ ਦੀਆਂ ਸੀਟਾਂ ਤੈਅ ਨਹੀਂ ਕੀਤੀਆਂ ਗਈਆਂ ਪਰ ਹਲਕਾ ਇੰਚਾਰਜ ਦੇ ਤੌਰ ’ਤੇ ਲੋਕਾਂ ਸਾਹਮਣੇ ਖੜਾ ਕੀਤਾ ਗਿਆ ਹੈ।
ਪੁਲਿਸ ਅਫ਼ਸਰ ਹੁੰਦੇ ਨੇ ਰਾਜਨੀਤੀ ਦਾ ਸ਼ਿਕਾਰ ?
ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ (Former IG Surinder Singh Sodhi) ਮੁਤਾਬਕ ਪੁਲਿਸ ਅਫ਼ਸਰ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦੇ ਹਨ ਪਰ ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਰਾਜਨੀਤਕ ਦਬਾਅ ਥੱਲੇ ਆ ਕੇ ਕੰਮ ਕਰਨਾ ਪੈਂਦਾ ਹੈ ਅਤੇ ਕਈ ਵਾਰ ਰਾਜਨੀਤੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਨ੍ਹਾਂ ਮੁਤਾਬਕ ਉਹ ਤਕਰੀਬਨ ਸਾਰੀਆਂ ਪਾਰਟੀਆਂ ਦੇ ਕੰਮਕਾਜ ਨੂੰ ਆਪਣੀ ਡਿਊਟੀ ਦੌਰਾਨ ਦੇਖ ਚੁੱਕੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਵੱਲ ਜਾਣ ਦਾ ਉਨ੍ਹਾਂ ਦਾ ਮੁੱਖ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਚੰਗੇ ਲੋਕਾਂ ਨੂੰ ਲੱਭ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਉਨ੍ਹਾਂ ਮੁਤਾਬਕ ਰਾਜਨੀਤੀ ਵਿੱਚ ਜੇਕਰ ਪੁਲਿਸ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਜਾਂਦੇ ਹਨ ਤਾਂ ਸਰਕਾਰ ਦਾ ਕੰਮ ਕਾਫੀ ਆਸਾਨ ਹੋ ਜਾਂਦਾ ਹੈ ਕਿਉਂਕਿ ਇਹ ਲੋਕ ਇਸ ਕੰਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਸੁਰਿੰਦਰ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਸ ਵਿੱਚ ਹਰ ਕਿਸੇ ਦੀ ਭਾਵਨਾ ਨੂੰ ਸਮਝਿਆ ਜਾਂਦਾ ਹੈ।