ਜਲੰਧਰ:ਬੀਤੇ ਕਾਫ਼ੀ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਮੁਹੱਲਾ ਸੰਤੋਖਪੁਰਾ ਦੇ ਵਾਸੀਆਂ ਨੇ ਨਗਰ ਨਿਗਮ ਦੀ ਘਟੀਆ ਕਾਰਜ ਪ੍ਰਣਾਲੀ ਤੋਂ ਪ੍ਰੇਸ਼ਾਨ ਹੋ ਕੇ ਕੌਮੀ ਰਾਜ ਮਾਰਗ (National Highways) ਨੂੰ ਜਾਮ ਕੀਤਾ ਗਿਆ ਹੈ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 6-7 ਮਹੀਨਿਆਂ ਤੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਜਿਸ ਕਰਕੇ ਉਹ ਲਗਾਤਾਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਉਹ ਕਈ ਵਾਰ ਸਥਾਨਕ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ, ਪਰ ਨਗਰ ਨਿਗਮ ਅਤੇ ਸਥਾਨਕ ਵੱਲੋਂ ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਸੁਣਵਾਈ ਨਹੀਂ ਕੀਤੀ।
ਇਸ ਨੂੰ ਦੇਖਦੇ ਹੋਏ ਬੀ.ਡੀ.ਪੀ.ਓ ਸੁਖਦੇਵ ਸਿੰਘ (BDPO Sukhdev Singh) ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮਹਿਕਮੇ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਮੁਹੱਲਾ ਵਾਸੀਆਂ ਦਾ ਧਰਨਾ ਚੁਕਵਾਇਆ ਗਿਆ।
ਬੀ.ਡੀ.ਪੀ.ਓ ਸੁਖਦੇਵ ਸਿੰਘ (BDPO Sukhdev Singh) ਅਤੇ ਨਗਰ ਨਿਗਮ (Municipal Corporation) ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਬਹੁਤ ਜਲਦ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਸਮੂਹ ਮਹੁੱਲਾ ਵਾਸੀਆਂ ਨੇ ਧਰਨਾ ਚੁੱਕ ਲਿਆ।
ਇਸ ਧਰਨੇ ਦੇ ਸਮਾਪਤ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਸਮੱਸਿਆ ਦਾ ਹੱਲ ਹੁੰਦਾ ਨਾ ਦੇਖ ਮਹੁੱਲਾ ਵਾਸੀਆਂ ਨੇ ਮੁੜ ਤੋਂ ਸਵੇਰੇ ਲਿੰਕ ਰੋਡ ਤੇ ਦਰੀਆਂ ਵਿਛਾ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।