ਜਲੰਧਰ: ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਜਲੰਧਰ ਦੇ ਜ਼ਿਲ੍ਹਾ ਮੁਖੀ ਦੇ ਦਫ਼ਤਰ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਗਲ 'ਚ ਰੱਸੀਆਂ ਦਾ ਫਾਹਾ ਬਣਾ ਡਾਕਟਰਾਂ ਵੱਲੋਂ ਇਸ ਮਹਾਂਮਾਰੀ 'ਚ ਕੀਤੀ ਜਾ ਰਹੀ ਲੁੱਟ ਖੋਹ ਦਾ ਵਿਰੋਧ ਜਤਾਇਆ।ਇਸ ਮਹਾਂਮਾਰੀ ਦੌਰਾਨ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਨਾਲ ਕੀਤੀ ਜਾ ਰਹੀ ਲੁੱਟ ਖਸੁੱਟ ਦੇ ਵਿਰੋਧ ਵਿੱਚ ਕਲੱਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਬੱਗਾ ਦਾ ਕਹਿਣਾ ਹੈ ਕਿ ਇਸ ਸਮੇਂ ਹਰ ਸਮਾਜਿਕ ਅਤੇ ਧਾਰਮਿਕ ਸੰਸਥਾ ਲੋਕਾਂ ਦੀ ਮਦਦ ਕਰਨ ਲਈ ਅੱਗੇ ਵਧ ਰਹੀ ਹੈ। ਜਦ ਕਿ ਧਰਤੀ ਦਾ ਰੱਬ ਮੰਨਿਆ ਜਾਣ ਵਾਲਾ ਡਾਕਟਰ ਮਰੀਜ਼ਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਿਹਾ ਹੈ। ਉਹ ਇਨਸਾਨੀਅਤ ਨੂੰ ਭੁੱਲ ਕੇ ਮਨਮਾਨੀ ਨਾਲ ਮਰੀਜ਼ਾਂ ਤੋਂ ਪੈਸੇ ਵਸੂਲ ਰਹੇ ਹਨ।ਉਨ੍ਹਾਂ ਕਿਹਾ ਕਿ ਭਾਵੇਂ ਡਾਕਟਰਾਂ ਦੀ ਫ਼ੀਸ ਦੇ ਪੈਸੇ ਹੋਣ ਜਾਂ ਦਵਾਈਆਂ ਦੇ ਪੈਸੇ ਹੋਣ ਜਾਂ ਫਿਰ ਆਕਸੀਜਨ ਸਿਲੰਡਰ ਦੇ ਪੈਸੇ ਹੋਣ, ਕਿਸੇ ਵੀ ਤਰ੍ਹਾਂ ਮਰੀਜ਼ਾਂ ਦੇ ਨਾਲ ਇਨਸਾਨੀਅਤ ਨਹੀਂ ਦਿਖਾਈ ਜਾ ਰਹੀ।