ਪੰਜਾਬ

punjab

ETV Bharat / state

ਸਾਡੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਮਿਲੇਗੀ ਕਾਨੂੰਨੀ ਤੌਰ 'ਤੇ MSP: ਨਵਜੋਤ ਸਿੱਧੂ - Punjab Modal

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਉਣ ਵਾਲੀਆਂ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਦੇ 13 ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ ਅਤੇ ਕਿਸਾਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ।

PPCP Navjot Sidhu, Sidhu Make Promises, Sidhu Jalandhar PC, Punjab Election 2022
ਸਾਡੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਮਿਲੇਗੀ ਕਾਨੂੰਨੀ ਤੌਰ 'ਤੇ MSP: ਨਵਜੋਤ ਸਿੱਧੂ

By

Published : Jan 26, 2022, 7:20 AM IST

ਜਲੰਧਰ: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆ ਪੰਜਾਬ ਦੇ ਵੱਖ-ਵੱਖ ਵਰਗ ਨੂੰ ਉਨ੍ਹਾਂ ਦੀ ਸਰਕਾਰ ਆਉਣ ਉੱਤੇ ਨਿਭਾਏ ਜਾਣ ਵਾਲੇ ਆਪਣੇ ਵਾਅਦਿਆਂ ਦਾ ਜ਼ਿਕਰ। ਇਸ ਦੌਰਾਨ ਕਿਸਾਨਾਂ ਬਾਰੇ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਬਣਾਏ ਗਏ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ, ਪਰ ਉਸ ਨਾਲ ਕਿਸਾਨਾਂ ਦੇ ਹਾਲਾਤ ਨਹੀਂ ਸੁਧਰੇ।

ਨਵਜੋਤ ਸਿੱਧੂ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਆਉਂਦੀ ਹੈ, ਤਾਂ ਉਹ ਪੰਜਾਬ ਵਿੱਚ ਵੱਖਵੱਖ ਏਜੰਸੀਆ ਰਾਹੀਂ ਦਾਲਾਂ, ਤਿਲ ਅਤੇ ਮੱਕੀ ਦੀ ਖ਼ਰੀਦ ਕਰਨਗੇ ਅਤੇ ਇਨ੍ਹਾਂ ਫ਼ਸਲਾਂ ਉੱਤੇ ਕਾਨੂੰਨੀ ਤੌਰ ਉੱਤੇ ਐਮਐਸਪੀ (MSP) ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਪੰਜਾਬ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਸਟੋਰੇਜ ਹੈ, ਪਰ ਜੇ ਸਰਕਾਰ ਉਨ੍ਹਾਂ ਦੀ ਆਉਂਦੀ ਹੈ, ਤਾਂ ਪੰਜਾਬ ਵਿੱਚ ਵੇਅਰਹਾਊਸ ਵਿੱਚ ਕਣਕ ਅਤੇ ਜੀਰੀ ਦੀ ਸਟੋਰੇਜ ਲਈ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਨੌਜਵਾਨ ਕਿਸਾਨੀ ਨਾਲ ਜੁੜੇ ਕਾਰੋਬਾਰ ਕਰਨਗੇ।

ਜਾਣੋ, ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਹੋਰ ਕੀ-ਕੀ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਹਨ।

"ਪੰਜਾਬ ਦਾ ਮਾਡਲ ਬਦਲੇਗਾ"

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਆਉਣ ਉੱਤੇ ਆਪਣੇ 13 ਨੁਕਾਤੀ ਪ੍ਰੋਗਰਾਮ ਦੇ ਤਹਿਤ ਵਾਅਦਿਆਂ ਦੀ ਝੜੀ ਲਗਾ ਦਿੱਤੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਪੰਜਾਬ ਮਾਡਲ ਨੂੰ ਤਕਰੀਬਨ ਤਿਆਰ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਝੂਠ ਵੇਚ ਕੇ ਨਹੀਂ, ਬਲਕਿ ਪਾਲਸੀਆਂ ਬਣਾ ਕੇ ਚਲਦੀਆਂ ਹਨ। ਸਿੱਧੂ ਨੇ ਕਿਹਾ ਕਿ ਇਹ ਤਾਂ ਸਭ ਕਹਿੰਦੇ ਹਨ ਕਿ ਖ਼ਜ਼ਾਨਾ ਖ਼ਾਲੀ ਹੈ, ਪਰ ਇਹ ਕੋਈ ਨਹੀਂ ਦੱਸਦਾ ਕਿ ਇਹ ਖਜ਼ਾਨਾ ਭਰੇਗਾ ਕਿਵੇਂ। ਇਸ ਲਈ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਪਾਵਰ ਲੋਕਾਂ ਨੂੰ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਕਦੇ ਵੀ ਪੰਚਾਇਤੀ ਰਾਜ ਨੂੰ ਸਵਰਾਜ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ, ਤਾਂ ਪੰਜਾਬ ਦਾ ਮਾਡਲ ਪੂਰੀ ਤਰ੍ਹਾਂ ਬਦਲੇਗਾ ਅਤੇ ਪੰਜਾਬ ਮਿਸ਼ਨ ਜਿੱਤੇਗਾ।

ਸਾਡੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਮਿਲੇਗੀ ਕਾਨੂੰਨੀ ਤੌਰ 'ਤੇ MSP: ਨਵਜੋਤ ਸਿੱਧੂ

"ਸਰਕਾਰੀ ਕੰਮਾਂ ਲਈ ਲੋਕਾਂ ਕੋਲ ਖੁਦ ਪਹੁੰਚੇਗੀ ਸਰਕਾਰ"

ਆਪਣੇ ਹੋਰ ਵਾਅਦੇ ਵਿਚ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਉੱਤੇ ਪੰਜਾਬ ਦੇ ਲੋਕ ਸਰਕਾਰੀ ਕੰਮਾਂ ਲਈ ਸਰਕਾਰ ਕੋਲ ਨਹੀਂ, ਬਲਕਿ ਖੁਦ ਸਰਕਾਰ ਪੰਜਾਬ ਦੇ ਲੋਕਾਂ ਦੇ ਘਰ-ਘਰ ਜਾਵੇਗੀ। ਇਸ ਦੇ ਨਾਲ ਹੀ, ਪੰਜਾਬ ਦੀ ਅਸੈਂਬਲੀ ਘੱਟ ਤੋਂ ਘੱਟ ਸੌ ਦਿਨ ਪੂਰੇ ਟਰਾਂਸਪੋਰਟ ਢੰਗ ਨਾਲ ਚੱਲਿਆ ਕਰੇਗੀ। ਠੇਕੇਦਾਰੀ ਨੂੰ ਤੋੜਨ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਡਿਜੀਟਲ ਪੰਜਾਬ ਬਣਾਇਆ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਕੰਮ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਹੈ।

"ਪੰਜਾਬ ਵਿੱਚ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕੀਤਾ ਜਾਵੇਗਾ"

ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਤਾਮਿਲਨਾਡੂ ਸ਼ਰਾਬ ਤੋਂ 37 ਹਜ਼ਾਰ ਕਰੋੜ ਰੁਪਏ ਕਮਾਉਂਦਾ ਹੈ, ਜਦਕਿ ਅਸੀਂ ਤਿੰਨ ਤੋਂ ਚਾਰ ਹਜ਼ਾਰ ਕਰੋੜ ਹੀ ਕਮਾਉਂਦੇ ਹਾਂ। ਸ਼ਰਾਬ, ਕੇਬਲ, ਟਰਾਂਸਪੋਰਟ ਤੋਂ ਅਸੀਂ ਕਰੀਬ 18 ਹਜ਼ਾਰ ਤੋਂ 20 ਹਜ਼ਾਰ ਕਰੋੜ ਕਮਾ ਸਕਦੇ ਹਾਂ, ਪਰ ਫੇਰ ਵੀ ਪੰਜਾਬ ਕਰਜ਼ੇ ਹੇਠ ਖੜ੍ਹਾ ਹੈ। ਇਸ ਲਈ ਹੁਣ ਪੰਜਾਬ ਵਿੱਚ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਕੇਬਲ ਉੱਤੇ ਪੰਜਾਬ ਵਿੱਚ ਸਿਰਫ਼ ਇੱਕ ਬੰਦੇ ਦੇ ਹੱਥ ਵਿੱਚ ਹੈ, ਪਰ ਜੇ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਦੁਬਾਰਾ ਬਣਦੀ ਹੈ, ਤਾਂ ਪੰਜ ਤੋਂ ਸੱਤ ਐੱਮਐੱਸਏ ਲਿਆਏ ਜਾਣਗੇ ਜਿਸ ਨਾਲ ਕੇਬਲ ਦੀ ਕੀਮਤ ਅੱਧੀ ਘੱਟ ਹੋ ਜਾਵੇਗੀ।

ਮਹਿਲਾਵਾਂ ਨੂੰ ਲੈ ਕੇ ਕੀਤੇ ਐਲਾਨ

ਮਹਿਲਾਵਾਂ ਬਾਰੇ ਉਨ੍ਹਾਂ ਨੇ ਐਲਾਨ ਕੀਤਾ ਕਿ ਕੋਈ ਵੀ ਮਹਿਲਾ ਜੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਜਾਂਦੀ ਹੈ, ਤਾਂ ਉਸ ਉੱਪਰ ਕੋਈ ਵੀ ਰਜਿਸਟਰੀ ਫ਼ੀਸ ਨਹੀਂ ਲੱਗੇਗੀ। ਇਸ ਦੇ ਨਾਲ ਹੀ, ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਸਕੂਟੀ ਦਿੱਤੀ ਜਾਵੇਗੀ ਜਿਸ ਲਈ ਲੁਧਿਆਣਾ ਵਿਖੇ 5 ਹਜ਼ਾਰ ਤੋਂ 7 ਹਜ਼ਾਰ ਦੀ ਲਾਗ਼ਤ ਨਾਲ ਇਹ ਬੈਟਰੀ ਵਾਲੀਆਂ ਸਕੂਟੀਆਂ ਤਿਆਰ ਹੋਣਗੀਆਂ। ਇਸ ਤੋਂ ਇਲਾਵਾ, ਪੰਜਾਬ ਵਿੱਚ ਆਂਗਨਵਾੜੀ ਵਰਕਰਾਂ ਨੂੰ 8 ਹਜ਼ਾਰ ਰੁਪਏ ਮਹੀਨਾ , ਆਸ਼ਾ ਵਰਕਰਾਂ ਨੂੰ 3 ਹਜ਼ਾਰ ਰੁਪਏ ਮਹੀਨਾ, ਆਂਗਨਵਾੜੀ ਹੈਲਪਰ ਨੂੰ 4 ਹਜ਼ਾਰ ਰੁਪਏ ਅਤੇ ਮਿਡ ਡੇ ਮੀਲ ਵਰਕਰਾਂ ਨੂੰ 2500 ਰੁਪਏ ਮਹੀਨਾ ਦੇਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਮਹਿਲਾ ਕਮਾਂਡੋ ਬਟਾਲੀਅਨ ਬਣਾਉਣ ਦਾ ਐਲਾਨ ਵੀ ਕੀਤਾ ਹੈ।

ਸਿਹਤ ਬੀਮੇ ਨੂੰ ਲੈ ਕੇ ਸਿੱਧੂ ਦਾ ਵਾਅਦਾ

ਸਿਹਤ ਬਾਰੇ ਆਪਣੇ ਵਾਅਦੇ ਵਿੱਚ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਰਹਿੰਦੇ ਹਰ ਪੰਜਾਬੀ ਅਤੇ ਉਸ ਦੇ ਪਰਿਵਾਰ ਦਾ ਪੰਜ ਲੱਖ ਦਾ ਬੀਮਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ, 20 ਲੱਖ ਤੱਕ ਦੇ ਫ੍ਰੀ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕੀਤੇ ਜਾਣਗੇ। ਇੰਨਾਂ ਹੀ ਨਹੀਂ, ਪੰਜਾਬ ਦੇ ਪਿੰਡਾਂ ਵਿੱਚ ਮੋਬਾਈਲ ਵੈਨ ਹੋਵੇਗੀ। ਗ਼ਰੀਬ ਪਰਿਵਾਰਾਂ ਲਈ ਸਰਕਾਰ ਪੰਜ ਅਨਾਜ ਵਾਲਾ ਆਟਾ ਅਤੇ ਇਕ ਦਾਲ ਦੇ ਨਾਲ ਨਾਲ ਇਕ ਬੋਤਲ ਸਰ੍ਹੋਂ ਦੇ ਤੇਲ ਦੀ ਵੀ ਦੇਵੇਗੀ ਜਿਸ ਨਾਲ ਉਸ ਪਰਿਵਾਰ ਦੀ ਮਦਦ ਕੀਤੀ ਜਾ ਸਕੇ।

ਸਿੱਖਿਆ ਨੂੰ ਲੈ ਕੇ ਵੱਡੇ ਐਲਾਨ

ਪੰਜਾਬ ਵਿੱਚ ਸਿੱਖਿਆ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਫੁੱਲ ਸਕਾਲਰਸ਼ਿਪ ਸਾਇੰਸ ਟੈਕਨਾਲੋਜੀ ਅਤੇ ਹੋਰ ਪੜ੍ਹਾਈ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਸਾਰੇ ਪ੍ਰਾਇਮਰੀ ਸਕੂਲਾਂ ਦੇ ਮਾਸਟਰਾਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਜਿਹੜੇ ਪਿੰਡ ਉਨ੍ਹਾਂ ਦੇ ਨੇੜੇ ਪੈਂਦੇ ਰਹੇ ਜਾਂ ਜਿਸ ਪਿੰਡ ਵਿੱਚ ਜੰਮੇ ਪਲੇ ਹਨ, ਉਸੇ ਪਿੰਡ ਵਿੱਚ ਉਨ੍ਹਾਂ ਨੂੰ ਤੈਨਾਤ ਕੀਤਾ ਜਾਵੇਗਾ, ਤਾਂ ਕਿ ਉਹ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਆਪਣਾ ਕੰਮ ਕਰ ਸਕਣ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਰਕਾਰ ਆਉਣ ਉੱਤੇ ਇੱਕ ਲੱਖ ਸਰਕਾਰੀ ਰਿਕਰੂਟਮੈਂਟ ਵੈਕੈਂਸੀ ਭਰਨ ਦੀ ਗੱਲ ਵੀ ਕੀਤੀ।

"ਉਦਯੋਗਪਤੀਆਂ ਲਈ ਈਜ਼ ਆਫ ਡੂਇੰਗ ਬਿਜ਼ਨਸ ਦੀ ਪਾਲਸੀ"

ਉਦਯੋਗਾਂ ਬਾਰੇ ਵੱਡਾ ਐਲਾਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇ ਉਨ੍ਹਾਂ ਦੀ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਦੀ ਹੈ, ਤਾਂ ਪੰਜਾਬ ਵਿੱਚ ਉਦਯੋਗਪਤੀਆਂ ਲਈ ਈਜ਼ ਆਫ ਡੂਇੰਗ ਬਿਜ਼ਨਸ ਦੀ ਪਾਲਸੀ ਲਿਆਂਦੀ ਜਾਵੇਗੀ ਜਿਸ ਵਿੱਚ ਸਿੰਗਲ ਵਿੰਡੋ ਸਿਸਟਮ ਰਾਹੀਂ ਕੰਮ ਹੋਵੇਗਾ। ਉਨ੍ਹਾਂ ਨੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਹ ਗੱਲ ਕਹਿ ਕੇ ਪੰਜਾਬ ਵਿੱਚ ਉਦਯੋਗਪਤੀਆਂ ਨੂੰ ਅਫ਼ਸਰਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਦੀ ਸਰਕਾਰ ਆਉਣ 'ਤੇ ਬਿਲਕੁਲ ਖ਼ਤਮ ਕਰ ਦਿੱਤਾ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 13 ਐਗਰੋ ਪ੍ਰੋਸੈਸਿੰਗ ਕਲੱਸਟਰ ਬਣਾਏ ਜਾਣਗੇ ਅਤੇ ਇਨ੍ਹਾਂ ਵਿੱਚ ਪੰਜਾਬ ਦੇ ਨੌਜਵਾਨ ਬਜਾਏ ਨੌਕਰੀ ਕਰਨ ਦੇ ਲੋਕਾਂ ਨੂੰ ਨੌਕਰੀ ਦੇਣ ਲਈ ਸਮਰੱਥ ਹੋਣਗੇ। ਇਸ ਦੇ ਨਾਲ ਹੀ, ਪੰਜਾਬ ਵਿਚ 15 ਸੋਸ਼ਲ ਇੰਡਸਟਰੀਅਲ ਕਲੱਸਟਰ ਵੀ ਬਣਾਏ ਜਾਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਣ 'ਤੇ ਜਲੰਧਰ ਵਿਖੇ ਮੈਡੀਕਲ ਸਪੋਰਟਸ ਗੁਡਸ ਦਾ ਹੱਬ ਹੋਵੇਗਾ, ਪਟਿਆਲਾ ਵਿਖੇ ਕਟਿੰਗ ਟੂਲ ਕਲੱਸਟਰ ਅਤੇ ਲੁਧਿਆਣਾ ਵਿਖੇ ਇਲੈਕਟ੍ਰਿਕ ਵ੍ਹੀਕਲ, ਸਿਲਾਈ ਮਸ਼ੀਨਾਂ ਅਤੇ ਫਾਊਂਡਰੀ ਕਲਸਟਰ ਬਣਾਇਆ ਜਾਏਗਾ। ਇਸ ਤੋਂ ਇਲਾਵਾ ਨੌਜਵਾਨਾਂ ਲਈ ਪਿੰਡਾਂ ਵਿਚ ਸਟੇਡੀਅਮ ਅਤੇ ਸਿੰਥੈਟਿਕ ਟਰੈਕ ਦੇ ਨਾਲ ਨਾਲ ਪੰਜਾਬ ਵਿੱਚ ਚਾਰ ਸਪੋਰਟਸ ਅਕੈਡਮੀਆਂ ਵੀ ਬਣਾਈਆਂ ਜਾਣਗੀਆਂ।

"NRI's ਲਈ ਐੱਨਆਰਆਈ ਕਮਿਸ਼ਨ ਬਣਾਇਆ ਜਾਵੇਗਾ"

ਐਨਆਰਆਈਜ਼ ਦੇ ਮਸਲਿਆਂ ਬਾਰੇ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਐਨਆਰਆਈਜ਼ ਨੂੰ ਪੂਰਾ ਸਨਮਾਨ ਮਿਲੇਗਾ। ਪੰਜਾਬ ਵਿੱਚ ਉਨ੍ਹਾਂ ਦੀ ਜ਼ਮੀਨ ਜਾਇਦਾਦ ਵਿਆਹਾਂ ਸ਼ਾਦੀਆਂ ਅਤੇ ਹੋਰ ਮਸਲਿਆਂ ਲਈ ਐੱਨਆਰਆਈ ਕਮਿਸ਼ਨ ਬਣਾਇਆ ਜਾਏਗਾ ਅਤੇ ਇਸ ਲਈ ਪੰਜਾਬ ਵਿੱਚੋਂ ਵਿਦੇਸ਼ਾਂ 'ਚ ਜਾ ਕੇ ਵਸੇ ਐਨਆਰਆਈਜ਼ ਦਾ ਡਾਟਾ ਇਕੱਠਾ ਕੀਤਾ ਜਾਵੇਗਾ, ਤਾਂ ਕਿ ਹਰ ਐਨਆਰਆਈ ਦਾ ਇੱਕ ਕਾਰਡ ਬਣਾਇਆ ਜਾ ਸਕੇ ਜਿਸ ਨਾਲ ਪੰਜਾਬ ਆਉਣ ਉੱਤੇ ਉਨ੍ਹਾਂ ਨੂੰ ਆਪਣਾ ਕੰਮ ਕਰਵਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ:Punjab Assembly Election 2022: ਕਾਂਗਰਸ ਵੱਲੋਂ ਦੂਜੀ ਲਿਸਟ ਜਾਰੀ, ਹੁਣ ਕੁਲ 109 ਉਮੀਦਵਾਰਾਂ ਦਾ ਐਲਾਨ

ABOUT THE AUTHOR

...view details