ਜਲੰਧਰ: ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਹਰ ਦਫ਼ਤਰ, ਹਸਪਤਾਲ 'ਚ ਅਚਾਨਕ ਛਾਪੇ ਮਾਰੇ ਜਾ ਰਹੇ ਹਨ ਤਾਂ ਜੋ ਜ਼ਮੀਨੀ ਹਕੀਕਤ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ ਅਤੇ ਪਤਾ ਲੱਗ ਸਕੇ ਕਿ ਸਰਕਾਰੀ ਅਦਾਰਿਆਂ ਵਿੱਚ ਆਮ ਲੋਕਾਂ ਨੂੰ ਕਿੰਨੀਆਂ ਕੁ ਸਹੂਲਤਾਵਾਂ ਮਿਲ ਰਹੀਆਂ ਹਨ।ਇਸੇ ਦੇ ਚੱਲਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿਮਘ ਈਟੀਓ ਨੇ ਸਥਾਨਕ ਸ਼ਕਤੀ ਸਦਨ ਵਿਖੇ ਅਚਨਚੇਤ ਪਹੁੰਚ ਕੇ ਪਾਵਰਕਾਮ ਦੇ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਬਿਜਲੀ ਸਪਲਾਈ ਨੂੰ ਨਿਰਵਿਘਨ ਢੰਗ ਨਾਲ ਲੋਕਾਂ ਤੱਕ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ-ਨਾਲ ਲੋਕ ਸ਼ਿਕਾਇਤਾਂ ਦਾ ਵੀ ਤੁਰੰਤ ਨਿਬੇੜਾ ਯਕੀਨੀ ਬਣਾਇਆ ਜਾਣ ਦੀ ਗੱਲ ਵੀ ਆਖੀ।
ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ: ਬਿਜਲੀ ਮੰਤਰੀ ਵੱਲੋਂ ਪਾਵਰਕਾਮ ਦੇ ਉਤੱਰੀ ਜ਼ੋਨ ਦੇ ਮੁੱਖ ਦਫ਼ਤਰ ਸ਼ਕਤੀ ਸਦਨ ਵਿਖੇ ਵਿਧਾਇਕ ਰਮਨ ਅਰੋੜਾ ਅਤੇ ਮੁੱਖ ਇੰਜੀਨੀਅਰ ਰਮੇਸ਼ ਲਾਲ ਸਾਰੰਗਲ ਤੇ ਹੋਰਨਾਂ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੱਖ-ਵੱਖ ਦਫ਼ਤਰਾਂ ਦੀ ਚੈਕਿੰਗ ਅਤੇ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪਾਵਰਕਾਮ ਦੇ ਦਫ਼ਤਰਾਂ ਵਿੱਚ ਸਾਰਾ ਅਮਲਾ ਡਿਊਟੀ ਦੌਰਾਨ ਲੋੜੀਂਦੀਆਂ ਸੇਵਾਵਾਂ ਹੋਰ ਵੀ ਸੁਚੱਜੇ ਅਤੇ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਏ। ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਆਪਣੇ ਰੋਜ਼ਮਰਾ ਦੇ ਕੰਮ-ਕਾਜ ਕਰਵਾਉਣ ਲਈ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬਿਜਲੀ ਦਫ਼ਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਅਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕਿਸੇ ਵੀ ਖ਼ਪਤਕਾਰ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।