ਜਲੰਧਰ: ਸਿਵਲ ਹਸਪਤਾਲ ਤੋਂ ਦੋ ਦਿਨ ਪਹਿਲਾਂ ਅਗਵਾ ਕੀਤੇ ਗਏ ਨਵ-ਜੰਮੇ ਬੱਚੇ (ਲੜਕੇ) ਨੂੰ ਪੁਲਿਸ ਨੇ ਸੁਰੱਖਿਅਤ ਬਚਾਅ ਕੇ ਮਾਪਿਆਂ ਨੂੰ ਸੌਂਪ ਦਿੱਤਾ ਹੈ। ਨਾਲ ਹੀ ਇਸ ਘਿਨੌਣੇ ਜੁਰਮ ਵਿੱਚ ਸ਼ਾਮਿਲ ਪੰਚਾਇਤ ਮੈਂਬਰ ਅਤੇ ਸਿਵਲ ਹਸਪਤਾਲ ਦੇ ਸਫ਼ਾਈ ਕਰਮਚਾਰੀ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਿਵਲ ਹਸਪਤਾਲ 'ਚੋਂ ਅਗ਼ਵਾ ਬੱਚਾ ਪੁਲਿਸ ਨੇ ਬਰਾਮਦ ਕਰਕੇ ਮਾਪਿਆਂ ਨੂੰ ਸੌਂਪਿਆ ਕਥਿਤ ਦੋਸ਼ੀਆਂ ਦੀ ਪਛਾਣ ਗੁਰਮੀਤ ਸਿੰਘ ਗੋਪੀ (22) ਪੰਚਾਇਤ ਮੈਂਬਰ ਪਿੰਡ ਮਹੇੜੂ, ਗੁਰਪ੍ਰੀਤ ਸਿੰਘ ਪੀਤਾ (24), ਰਣਜੀਤ ਸਿੰਘ ਰਾਣਾ (25), ਦਵਿੰਦਰ ਕੌਰ ਖ਼ੁਰਸੈਦਪੁਰ ਕਲੋਨੀ ਨਕੋਦਰ ਅਤੇ ਕਿਰਨ (28) ਲੰਬਾ ਪਿੰਡ ਵਜੋਂ ਹੋਈ ਹੈ। ਕਿਰਨ ਪਿਛਲੇ ਸੱਤ ਸਾਲਾਂ ਤੋਂ ਸਿਵਲ ਹਸਪਤਾਲ ਵਿਖੇ ਸਫ਼ਾਈ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ।
ਇਸ ਸਬੰਧੀ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਨੇ ਬੱਚੇ ਨੂੰ ਚਾਰ ਲੱਖ ਰੁਪਏ ਵਿੱਚ ਵੇਚਣਾ ਸੀ ਅਤੇ ਰਕਮ ਨੂੰ ਬਰਾਬਰ ਵੰਡਿਆ ਜਾਣਾ ਸੀ।
ਮੁੱਢਲੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ 20 ਅਗਸਤ ਦੀ ਰਾਤ 12.40 ਵਜੇ ਗੁਰਪ੍ਰੀਤ ਸਿੰਘ ਗੋਪੀ ਅਤੇ ਗਰਪ੍ਰੀਤ ਸਿੰਘ ਪੀਤਾ ਬਲੈਰੋ ਗੱਡੀ (ਪੀ.ਬੀ. 08-ਸੀ.ਜੀ.-2473) ਵਿੱਚ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਪਹੁੰਚੇ। ਇਸ ਉਪਰੰਤ ਹਸਪਤਾਲ ਦੇ ਜੱਚਾ-ਬੱਚਾ ਸੰਭਾਲ ਕੇਂਦਰ ਵਿਖੇ ਦਾਖਿਲ ਹੋਏ। ਉਪਰੰਤ ਕਿਰਨ ਨੇ ਬੱਚਾ ਅਗਵਾ ਕਰਕੇ ਪੌੜੀਆਂ ਗੋਪੀ ਤੇ ਪਿਤਾ ਨੂੰ ਦੇ ਦਿੱਤਾ, ਜੋ ਤੁਰੰਤ ਬਲੈਰੋ ਗੱਡੀ ਵਿੱਚ ਉਥੋਂ ਦੌੜ ਗਏ ਸਨ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਗੋਪੀ ਨੂੰ ਉਸ ਦੇ ਦਫ਼ਤਰ ਤੋਂ ਅਤੇ ਬਾਕੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਅਰੰਭ ਦਿੱਤੀ ਹੈ ਅਤੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਹਸਪਤਾਲ ਦੇ ਡਾਕਟਰਾਂ ਦੀ ਹਾਜ਼ਰੀ ਵਿੱਚ ਨਵ-ਜੰਮਿਆ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।