ਜਲੰਧਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਮੁੜ ਪੰਜਾਬ ਫੇਰੀ (Modi's visit to Punjab) ’ਤੇ ਆ ਰਹੇ ਹਨ। ਮੋਦੀ ਜਲੰਧਰ ਵਿਖੇ ਆਪਣੀ ਫੇਰੀ ਦੌਰਾਨ ਇੱਕ ਰੈਲੀ ਨੂੰ ਸੰਬੋਧਿਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ ਨੂੰ ਭਾਜਪਾ ਵੱਲੋਂ ਇੱਕ ਮਾਸਟਰ ਸਟ੍ਰੋਕ ਮੰਨਿਆ ਜਾ ਰਿਹਾ ਹੈ। ਇਸ ਰੈਲੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਪੂਰੇ ਜ਼ੋਰਾਂ ’ਤੇ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜੋ:'ਨਾਮਜ਼ਦਗੀ ਪਰਚੇ 'ਚ ਭਗੌੜੇ ਹੋਣ ਸਬੰਧੀ ਜਾਣਕਾਰੀ ਲੁਕਾਉਣ ਵਾਲੇ ਦੋ ਉਮੀਦਵਾਰਾਂ ਖ਼ਿਲਾਫ਼ FIR ਦਰਜ'
ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ !
ਉਧਰ ਇਸ ਰੈਲੀ ਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਐਸਾ ਕਰ ਸਕਦੇ ਨੇ ਜਿਸ ਨਾਲ ਭਾਰਤੀ ਜਨਤਾ ਪਾਰਟੀ ਦੀ ਪੰਜਾਬੀਆਂ ਅਤੇ ਸਿੱਖਾਂ ਵਿੱਚ ਛਵੀਂ ਹੋਰ ਸੁਧਰ ਜਾਵੇਗੀ, ਜਿਸ ਦਾ ਸਿੱਧਾ ਫ਼ਾਇਦਾ ਕੁਝ ਦਿਨਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਿੱਧੇ ਤੌਰ ’ਤੇ ਹੋ ਸਕਦਾ ਹੈ।
ਇਸੇ ਦੇ ਚੱਲਦੇ ਆਮ ਚਰਚਾ ਇਹ ਹੈ ਕਿ ਸ਼ਾਇਦ ਪੰਜਾਬ ਦੇ ਕਿਸੇ ਵੱਡੇ ਦੂਸਰੀ ਪਾਰਟੀ ਦੇ ਦਲਿਤ ਨੇਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਵਿੱਚ ਸ਼ਾਮਿਲ ਕਰ ਕੇ ਪੰਜਾਬ ਵਿੱਚ ਭਾਜਪਾ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ, ਪਰ ਇਸ ਦੇ ਨਾਲ ਨਾਲ ਸੂਤਰਾਂ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਸਿੱਖ ਵੋਟ ਨੂੰ ਮਜ਼ਬੂਤ ਕਰਨ ਲਈ ਦਵਿੰਦਰ ਸਿੰਘ ਭੁੱਲਰ ਸਮੇਤ 12 ਕੈਦੀਆਂ ਦੀ ਰਿਹਾਈ ਦਾ ਐਲਾਨ ਵੀ ਕਰ ਸਕਦੇ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ।
ਸੂਤਰਾਂ ਦੀ ਮੰਨੀਏ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਸਿੱਖ ਸੰਗਠਨਾਂ ਦੀ ਮੰਗ ’ਤੇ ਇਨ੍ਹਾਂ ਦੀ ਰਿਹਾਈ ਨੂੰ ਮਨਜ਼ੂਰੀ ਦੇ ਸਕਦਾ ਹੈ।
ਭਾਜਪਾ ਪੰਜਾਬ ਇੰਚਾਰਜ ਨੇ ਦਿੱਤਾ ਸੀ ਭਰੋਸਾ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲੇ ਸਿੱਖ ਸੰਗਠਨਾਂ ਦਾ ਇੱਕ ਸਮੂਹ ਇਨ੍ਹਾਂ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲ ਚੁੱਕਿਆ ਹੈ। ਇਹੀ ਹੀ ਨਹੀਂ ਗਜੇਂਦਰ ਸ਼ੇਖਾਵਤ ਵੱਲੋਂ ਵੀ ਇਸ ਸਮੂਹ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਸ ਬਾਰੇ ਸਬੰਧਤ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਗੱਲ ਕਰਨਗੇ ਤਾਂ ਕਿ ਸਿੱਖਾਂ ਦੀ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਇਹ ਵੀ ਪੜੋ:ਮੁੜ ਭਾਜਪਾ ਦੀ ਬੇੜੀ 'ਚ ਸਵਾਰ ਹੋਏ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ
ਮੋਦੀ ਦਾ ਫਿਰ ਹੋ ਸਕਦਾ ਵਿਰੋਧ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 14, 16 ਅਤੇ 17 ਫਰਵਰੀ ਨੂੰ ਮਾਲਵਾ, ਦੋਆਬਾ ਅਤੇ ਮਾਝਾ ਦੇ ਤਿੰਨੋਂ ਖੇਤਰਾਂ ਨੂੰ ਕਵਰ ਕਰਦੇ ਹੋਏ ਪੰਜਾਬ ਵਿੱਚ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ, ਪਰ ਕਿਸਾਨਾਂ ਨੇ ਉਨ੍ਹਾਂ ਦੇ ਦੌਰੇ ਦਾ ਬਾਈਕਾਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਕਿਸਾਨ ਪਹਿਲਾਂ ਵਾਂਗ ਇਸ ਵਾਰ ਫੇਰ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਨਗੇ। ਹਾਲਾਂਕਿ ਅਜੇ ਕਿਸੇ ਵੀ ਜਥੇਬੰਦੀ ਦੇ ਆਗੂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਪਹਿਲਾਂ ਵੀ ਹੋਇਆ ਸੀ ਵਿਰੋਧ
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਲਈ ਪੰਜਾਬ ਪਹੁੰਚੇ ਸਨ ਤਾਂ ਇਸ ਦੌਰਾਨ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਜਾਂਦੇ ਸਮੇਂ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ 15-20 ਮਿੰਟਾਂ ਲਈ ਫਲਾਈਓਵਰ 'ਤੇ ਫਸ ਗਏ ਸਨ। ਜਿਸ ਕਾਰਨ ਉਹ ਸੁਰੱਖਿਆ ਦੇ ਮੱਦੇਨਜ਼ਰ ਰੈਲੀ ਕੀਤੇ ਬਿਨਾਂ ਦੀ ਵਾਪਸ ਪਰਤ ਗਏ ਤੇ ਜਾਂਦੇ-ਜਾਂਦੇ ਕਹਿ ਗਏ ਸਨ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਸ਼ੁਕਰ ਹੈ ਉਹ ਜ਼ਿੰਦਾ ਬਚ ਗਏ। ਇਹ ਖ਼ਬਰ ਨਿਊਜ਼ ਏਜੰਸੀ ਦੇ ਹਵਾਲੇ ਤੋਂ ਸੀ।
ਮਾਲਵਾ, ਦੋਆਬਾ ਅਤੇ ਮਾਝਾ ਹਰ ਖੇਤਰ ਵਿੱਚ ਰੈਲੀ
ਦੱਸ ਦਈਏ ਕਿ ਮੋਦੀ ਪਹਿਲੀ ਜਨਤਕ ਰੈਲੀ ਨੂੰ 14 ਫਰਵਰੀ ਨੂੰ ਜਲੰਧਰ, ਦੂਜੀ 16 ਫਰਵਰੀ ਨੂੰ ਪਠਾਨਕੋਟ ਅਤੇ ਤੀਜੀ 17 ਫਰਵਰੀ ਨੂੰ ਅਬੋਹਰ ਵਿੱਚ ਸੰਬੋਧਨ ਕਰਨਗੇ। ਫਿਲਹਾਲ ਹੁਣ ਦੇਖਣਾ ਇਹ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਵੋਟ ਬੈਂਕ ਅਤੇ ਦਲਿਤ ਵੋਟ ਬੈਂਕ ਨੂੰ ਦੇਖਦੇ ਹੋਏ 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹੜਾ ਮਾਸਟਰ ਸਟ੍ਰੋਕ ਖੇਡਦੇ ਹਨ।