ਜਲੰਧਰ: ਪੂਰੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਹੋਣ ਵਾਲੇ ਖੇਡ ਟੂਰਨਾਮੈਂਟਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਸਾਰੇ ਅਲੱਗ-ਅਲੱਗ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ। ਫਿਰ ਚਾਹੇ ਉਹ ਹਾਕੀ , ਕ੍ਰਿਕਟ ,ਪਾਵਰ ਲਿਫਟਿੰਗ ,ਸ਼ਤਰੰਜ ,ਕੁਸ਼ਤੀ ਜਾਂ ਫੇਰ ਕਬੱਡੀ ਦੇ ਨਾਲ ਨਾਲ ਹੋਰ ਖੇਡਾਂ ਹੋਣ। ਜੇਕਰ ਇੰਨ੍ਹਾਂ ਖਿਡਾਰੀਆਂ ਦੇ ਘਰ ਜਾ ਕੇ ਦੇਖੀਏ ਇੰਨ੍ਹਾਂ ਵੱਲੋਂ ਜਿੱਤੇ ਹੋਏ ਮੈਡਲਾਂ ਅਤੇ ਟਰਾਫੀਆਂ ਦੇ ਢੇਰ ਇੰਨ੍ਹਾਂ ਦੇ ਘਰ ਵਿੱਚ ਲੱਗੇ ਹੋਏ ਨਜ਼ਰ ਆਉਣਗੇ ਪਰ ਪੂਰੀ ਦੁਨੀਆ ਵਿੱਚ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਹ ਖਿਡਾਰੀ ਅਤੇ ਇਨ੍ਹਾਂ ਦੇ ਪਰਿਵਾਰ ਪੰਜਾਬ ਦੀਆਂ ਵੱਖ ਵੱਖ ਸਰਕਾਰਾਂ ਤੋਂ ਨਿਰਾਸ਼ ਨਜ਼ਰ ਆਉਂਦੇ ਹਨ। ਪੇਸ਼ ਹੈ ਖਿਡਾਰੀਆਂ ਦੀ ਇਸ ਨਿਰਾਸ਼ਾ ਤੇ ਇਹ ਸਪੈਸ਼ਲ ਰਿਪੋਰਟ ......
ਸ਼ਾਇਦ ਹੀ ਕੋਈ ਅਜਿਹੀ ਖੇਡ ਹੋਵੇ ਜਿਸ ਵਿੱਚ ਪੰਜਾਬੀ ਹਿੱਸਾ ਨਹੀਂ ਲੈਂਦੇ : ਦੁਨੀਆ ਦੇ ਕਿਸੇ ਵੀ ਕੋਨੇ ਵਿਚ ਖੇਡ ਮੁਕਾਬਲਿਆਂ ਦੀ ਗੱਲ ਹੋਵੇ ਤਾਂ ਸ਼ਾਇਦ ਹੀ ਕੋਈ ਅਜਿਹਾ ਮੁਕਾਬਲਾ ਹੋਵੇਗਾ ਜਿਸ ਵਿੱਚ ਪੰਜਾਬੀ ਹਿੱਸਾ ਨਹੀਂ ਲੈਂਦੇ। ਦੇਸ਼ ਦੁਨੀਆ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਇਹ ਖਿਡਾਰੀ ਜਦੋਂ ਆਪਣਾ ਖੇਡ ਦਾ ਸਾਮਾਨ ਲੈ ਕੇ ਮੈਦਾਨ ਵਿਚ ਉਤਰਦੇ ਹਨ ਤਾਂ ਫਿਰ ਗੱਲ ਸਿਰਫ਼ ਇੰਨ੍ਹਾਂ ਦੇ ਆਪਣੇ ਪਰਸਨਲ ਨਾਮ ਦੀ ਨਹੀਂ ਹੁੰਦੀ ਬਲਕਿ ਇਨ੍ਹਾਂ ਦੇ ਨਾਮ ਦੇ ਨਾਲ ਦੇਸ਼ ਦਾ ਨਾਮ ਪਹਿਲਾਂ ਜੁੜਦਾ ਹੈ। ਇਹੀ ਕਾਰਨ ਹੈ ਕਿ ਖੇਡ ਦੇ ਮੈਦਾਨ ਵਿੱਚ ਉੱਤਰਨ ਵਾਲਾ ਹਰ ਖਿਡਾਰੀ ਇਹ ਸੋਚ ਕੇ ਆਪਣੀ ਖੇਡ ਖੇਡਦਾ ਹੈ ਕਿ ਜਦ ਉਹ ਮੁਕਾਬਲਾ ਖਤਮ ਹੋਵੇ ਤਾਂ ਸਾਡੇ ਦੇਸ਼ ਦਾ ਝੰਡਾ ਸਭ ਤੋਂ ਉੱਪਰ ਹੋਣਾ ਚਾਹੀਦਾ। ਫਿਰ ਚਾਹੇ ਗੱਲ ਕ੍ਰਿਕਟ ,ਹਾਕੀ ,ਕਬੱਡੀ ,ਕੁਸ਼ਤੀ ,ਪਾਵਰ ਲਿਫਟਿੰਗ ,ਅਲੱਗ ਅਲੱਗ ਦੌੜਾਂ ਦੇ ਨਾਲ ਨਾਲ ਹੋਰ ਵੀ ਖੇਡਾਂ ਹੋਣ। ਹਰ ਖੇਡ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਲਈ ਬਹੁਤ ਸਾਰੇ ਮੈਡਲ ਜਿੱਤੇ ਹਨ।
- ਕੀ ਕਹਿੰਦੇ ਨੇ ਸਰਕਾਰਾਂ ਬਾਰੇ ਇਹ ਖਿਡਾਰੀ ਤੇ ਉਨ੍ਹਾਂ ਦੇ ਮਾਪੇ ?
ਡੀ ਐਸ ਪੀ ਤੋਂ ਐਸ ਪੀ ਬਣਨ ਦੀ ਉਡੀਕ ਕਰ ਰਹੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ :ਅਜੇ ਕੁਝ ਸਮਾਂ ਪਹਿਲਾਂ ਹੀ ਭਾਰਤੀ ਹਾਕੀ ਟੀਮ ਓਲੰਪਿਕ ਵਿਚ ਬਰੋਨਜ਼ ਮੈਡਲ ਜਿੱਤ ਕੇ ਵਾਪਸ ਆਈ ਸੀ। ਟੀਮ ਦੇ ਵਾਪਸ ਆਉਣ ਤੇ ਜਿੱਥੇ ਦੇਸ਼ ਵਾਸੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਉੱਥੇ ਇੰਨ੍ਹਾਂ ਵਿੱਚੋਂ ਜੋ ਖਿਡਾਰੀ ਪੰਜਾਬ ਦੇ ਸਨ ਉਨ੍ਹਾਂ ਨੂੰ ਉਸ ਵੇਲੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਨੌਕਰੀਆਂ ਅਤੇ ਪ੍ਰਮੋਸ਼ਨ ਲਈ ਵਾਅਦੇ ਕੀਤੇ। ਇਨ੍ਹਾਂ ਵਿੱਚ ਸਭ ਤੋਂ ਉੱਪਰ ਨਾਮ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਆਉਂਦਾ ਹੈ ਜੋ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਨੌਕਰੀ ਕਰ ਰਹੇ ਹਨ।
ਓਲੰਪਿਕ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵੱਲੋਂ ਡੀਐੱਸਪੀ ਰੈਂਕ ਤੋਂ ਐੱਸਪੀ ਰੈਂਕ ਤੇ ਪਰਮੋਟ ਕਰਨ ਦੀ ਗੱਲ ਕੀਤੀ ਗਈ ਸੀ ਪਰ ਇਹ ਵਾਅਦਾ ਕੈਪਟਨ ਸਰਕਾਰ , ਚੰਨੀ ਸਰਕਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੱਕ ਵੀ ਅਜੇ ਤੱਕ ਅਧੂਰਾ ਪਿਆ ਹੈ। ਮਨਪ੍ਰੀਤ ਸਿੰਘ ਦੇ ਮਾਤਾ ਜੀ ਮਨਜੀਤ ਕੌਰ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟੀਮ ਦੇ ਓਲੰਪਿਕ ਵਿੱਚ ਬਰੌਂਜ਼ ਮੈਡਲ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਮਨਪ੍ਰੀਤ ਸਿੰਘ ਨੂੰ ਡੀਐਸਪੀ ਤੋਂ ਐਸਪੀ ਬਣਾਉਣ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਦੁਹਰਾਇਆ ਅਤੇ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਇਸ ਵਾਅਦੇ ਨੂੰ ਪੂਰਾ ਕਰ ਦੇਵੇ ਪਰ ਅਜੇ ਤਕ ਮਨਪ੍ਰੀਤ ਦੀ ਪ੍ਰਮੋਸ਼ਨ ਦੀ ਗੱਲ ਠੰਢੇ ਬਸਤੇ ਵਿੱਚ ਪਈ ਹੋਈ ਹੈ।
ਪੰਜਾਬ ਸਰਕਾਰ ਦੇ ਵਾਅਦੇ ਮੁਤਾਬਕ ਡੀ ਐੱਸ ਪੀ ਰੈਂਕ ਦੀ ਨੌਕਰੀ ਦੀ ਉਡੀਕ ਵਿੱਚ ਭਾਰਤੀ ਹਾਕੀ ਟੀਮ ਦੇ ਫਾਰਵਰਡ ਖਿਡਾਰੀ ਮਨਦੀਪ ਸਿੰਘ : ਇਸੇ ਤਰ੍ਹਾਂ ਭਾਰਤੀ ਹਾਕੀ ਟੀਮ ਵਿੱਚ ਫਾਰਵਰਡ ਖਿਲਾਰੀ ਮਨਦੀਪ ਦੇ ਪਿਤਾ ਰਵਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਓਲੰਪਿਕ ਖੇਡ ਕੇ ਉਸ ਤੋਂ ਬਾਅਦ ਸਰਕਾਰ ਵੱਲੋਂ ਮਨਦੀਪ ਨੂੰ ਡੀਐੱਸਪੀ ਰੈਂਕ ਤੇ ਭਰਤੀ ਕਰਨ ਦੀ ਗੱਲ ਕੀਤੀ ਗਈ ਸੀ ਪਰ ਉਸ ਵੇਲੇ ਤੋਂ ਲੈ ਕੇ ਹੁਣ ਤਕ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ , ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ ਅੱਜ ਤੱਕ ਸਰਕਾਰ ਦਾ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ।
ਮਲਿਕਾ ਹਾਂਡਾ ਵੀ ਕਰ ਰਹੀ ਨੌਕਰੀ ਦਾ ਇੰਤਜ਼ਾਰ : ਕੁਝ ਅਜਿਹਾ ਹੀ ਹਾਲ ਜਲੰਧਰ ਦੀ ਅੰਤਰਰਾਸ਼ਟਰੀ ਸਤਰੰਜ਼ ਖਿਡਾਰੀ ਮਲਿਕਾ ਹਾਂਡਾ ਦਾ ਵੀ ਹੈ। ਮਲਿਕਾ ਹਾਂਡਾ ਦੇਸ਼ ਦੀ ਅਜਿਹੀ ਸਤਰੰਜ਼ ਦੀ ਖਿਡਾਰਨ ਹੈ ਜੋ ਨਾ ਤਾਂ ਸੁਣ ਸਕਦੀ ਹੈ ਅਤੇ ਨਾ ਹੀ ਸਹੀ ਢੰਗ ਨਾਲ ਬੋਲ ਸਕਦੀ ਹੈ ਪਰ ਸ਼ਤਰੰਜ ਦੀ ਖੇਡ ਵਿੱਚ ਉਹ ਚੰਗਿਆਂ ਚੰਗਿਆਂ ਦੀ ਬੋਲਤੀ ਬੰਦ ਕਰ ਦਿੰਦੀ ਹੈ। ਮਲਿਕਾ ਹਾਂਡਾ ਹੁਣ ਤੱਕ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ਤਰੰਜ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਬਰੌਂਜ, ਸਿਲਵਰ ਅਤੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੀ ਹੈ।