ਜਲੰਧਰ: ਕੋਰੋਨਾ ਮਹਾਂਮਾਰੀ ਕਰਕੇ ਲੱਗੇ ਲੌਕਡਾਊਨ ਤੋਂ ਬਾਅਦ ਪੰਜਾਬ ਵਿੱਚ ਹਰ ਕਾਰੋਬਾਰੀ ਅਤੇ ਨਿੱਜੀ ਨੌਕਰੀਆਂ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਦਾ ਬਸੇਰਾ ਕਰਨਾ ਮੁਸ਼ਕਿਲ ਹੋ ਗਿਆ ਸੀ, ਜਿਸ ਤੋਂ ਬਾਅਦ ਸਕੂਲਾਂ ਵੱਲੋਂ ਬੱਚਿਆਂ ਨੂੰ ਘਰ ਬਹਿ ਕੇ ਆਨਲਾਈਨ ਹੀ ਪੜ੍ਹਾਈ ਕਰਵਾਈ ਜਾ ਰਹੀ ਸੀ। ਜਿਸ ਦਾ ਮੁੱਖ ਕਿਰਦਾਰ ਪ੍ਰਾਈਵੇਟ ਸਕੂਲ ਦੀਆਂ ਅਧਿਆਪਕਾਂ ਵੱਲੋਂ ਨਿਭਾਇਆ ਜਾ ਰਿਹਾ ਹੈ।
ਫੀਸਾਂ ਲੈਣ ਤੋਂ ਬਾਅਦ ਵੀ ਨਿੱਜੀ ਸਕੂਲ ਅਧਿਆਪਕਾਂ ਨੂੰ ਨਹੀਂ ਦੇ ਰਹੈ ਤਨਖਾਹ : ਕਮਲਜੀਤ ਸਿੰਘ
ਪੇਰੈਂਟਸ ਐਸੋਸੀਏਸ਼ਨ ਅਤੇ ਸਾਂਝਾ ਪੰਜਾਬ ਦੇ ਪ੍ਰਧਾਨ ਕਮਲਦੀਪ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਆਨਲਾਈਨ ਪੜ੍ਹਾ ਰਹੇ ਅਧਿਆਪਕਾਂ ਨਾਲ ਨਿੱਜੀ ਸਕੂਲਾਂ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ, ਉਨ੍ਹਾਂ ਪੰਜ ਮਹੀਨਿਆਂ ਬਾਅਦ ਵੀ ਪ੍ਰਾਈਵੇਟ ਸਕੂਲੀ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਮਿਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਜਦੋਂ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੀਆਂ ਫ਼ੀਸਾਂ ਨਹੀਂ ਦੇ ਪਾਈ ਜਾ ਰਹੀਆਂ ਸੀ ਤਾਂ ਉਦੋਂ ਹਾਈ ਕੋਰਟ ਵੱਲੋਂ ਫੀਸਾਂ ਦੇਣ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਪਰ ਹੁਣ ਲੌਕਡਾਊਨ ਦੇ ਪੰਜ ਮਹੀਨਿਆਂ ਬਾਅਦ ਵੀ ਪ੍ਰਾਈਵੇਟ ਸਕੂਲੀ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਮਿਲ ਰਹੀਆਂ ਹਨ। ਜਿਸ 'ਤੇ ਪੇਰੈਂਟਸ ਐਸੋਸੀਏਸ਼ਨ ਦੇ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਕੂਲਾਂ ਨੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਦੀ ਫੀਸਾਂ ਦੇ ਪੈਸੇ ਲੈਣੇ ਸੀ ਤਾਂ ਉਹ ਅਦਾਲਤਾਂ ਤੱਕ ਪਹੁੰਚ ਗਏ ਪਰ ਉਨ੍ਹਾਂ ਸਕੂਲੀ ਅਧਿਆਪਕਾਂ ਨੂੰ ਅਜੇ ਤੱਕ ਤਨਖਾਹ ਨਹੀਂ ਦੇ ਰਹੇ ਹਨ, ਜਿਨ੍ਹਾਂ ਨੇ ਇਸ ਮੁਸ਼ਕਿਲ ਘੜੀ ਵਿੱਚ ਵੀ ਆਪਣੀ ਡਿਊਟੀ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਫਰਜ਼ ਨਿਭਾਇਆ ਹੈ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਹੈ।
ਉਨ੍ਹਾਂ ਦੱਸਿਆ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਗੰਭੀਰ ਮੁੱਦੇ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਸਕੂਲ ਦੇ ਅਧਿਆਪਕ ਇਸ ਮੁੱਦੇ 'ਤੇ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਨੌਕਰੀ ਦਾ ਕੋਈ ਸਾਧਨ ਨਹੀਂ ਹੈ। ਇਸ ਲਈ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਉਹ ਇਸ ਗੰਭੀਰ ਮੁੱਦੇ ਬਾਰੇ ਵੀ ਸੋਚ ਵਿਚਾਰ ਕਰ ਫੈਸਲਾ ਲੈਣ ਤਾਂ ਜੋ ਇਨ੍ਹਾਂ ਨੂੰ ਵੀ ਇਨ੍ਹਾਂ ਦਾ ਹੱਕ ਮਿਲ ਸਕੇ।