ਜਲੰਧਰ: ਵਿਰੋਧੀ ਧਿਰ ਦੇ ਆਗੂ ਤੇ ਆਪ ਵਿਧਾਇਕ ਹਰਪਾਲ ਚੀਮਾ ਵੱਲੋਂ ਦਿੱਤੇ ਇੰਟਰਲਾਕ ਟਾਈਲਾਂ ਬਾਰੇ ਬਿਆਨ ਦਾ ਪੰਜਾਬ ਇੰਟਰਲਾਕ ਫੈਕਟਰੀ ਵੈਲਫੇਅਰ ਐਸਸੀਏਸ਼ਨ ਵੱਲੋਂ ਵਿਰੋਧ ਕੀਤਾ ਗਿਆ ਹੈ। ਐਸਸੀਏਸ਼ਨ ਨੇ ਮੰਗ ਕੀਤੀ ਹੈ ਕਿ ਹਰਪਾਲ ਚੀਮਾ ਇੰਟਰਲਾਕ ਟਾਈਲਾਂ ਬਾਰੇ ਦਿੱਤਾ ਆਪਣਾ ਬਿਆਨ ਤੁਰੰਤ ਵਾਪਸ ਲੈਣ ਨਹੀ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਬੁੱਧਵਾਰ ਨੂੰ ਨੈਸ਼ਨਲ ਸਮਾਲ ਸਕੇਲ ਇੰਡਸਟਰੀ ਕਾਰਪੋਰੇਸ਼ਨ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਇੰਟਰਲਾਕ ਫੈਕਟਰੀ ਵੈੱਲਫੇਅਰ ਐਸਸੀਏਸ਼ਨ ਵੱਲੋਂ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਕਰਵਾਏ ਗਏ ਸੈਮੀਨਾਰ ਦੌਰਾਨ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਿਰੋਧੀ ਧਿਰ ਦੇ ਆਗੂ ਦੇ ਉਕਤ ਬਿਆਨ ਦੀ ਨਿਖੇਧੀ ਕਰਦਿਆਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪੰਜਾਬ ਇਲਾਵਾ ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਅਹੁਦੇਦਾਰਾਂ ਤੇ ਮੈਂਬਰਾਂ ਨੇ ਇੰਟਰਲਾਕ ਤਿਆਰ ਕਰਨ 'ਚ ਨਵੀਆਂ ਤਕਨੀਕਾਂ, ਕੱਚੇ ਮਾਲ ਦੀਆਂ ਕੀਮਤਾਂ ਤੇ ਹੋਰ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ।