ਅੰਮ੍ਰਿਤਧਾਰੀ ਸਿੱਖ ਬਣਿਆ ਹਿੰਦੂ ਨੌਜਵਾਨ ਜਲੰਧਰ: ਸਿੱਖ ਧਰਮ ਨੂੰ ਪੰਜਾਬ 'ਚ ਹੀ ਨਹੀਂ ਬਲਕਿ ਪੂਰੇ ਭਾਰਤ, ਇੱਥੋ ਤੱਕ ਵਿਦੇਸ਼ਾਂ ਵਿੱਚ ਵੀ ਪਸੰਦ ਕੀਤਾ ਗਿਆ ਹੈ। ਹਰ ਕੋਈ ਸਿੱਖ ਧਰਮ ਦਾ ਆਦਰ ਕਰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੁੰਦਾ ਹੈ। ਅੱਜ ਤੁਹਾਨੂੰ ਇਕ ਅਜਿਹੇ ਨੌਜਵਾਨ ਨਾਲ ਮਿਲਾਵਾਂਗੇ ਜੋ ਹਿੰਦੂ ਪਰਿਵਾਰ ਨਾਲ ਸਬੰਧਤ ਹੈ, ਪਰ ਖੁਦ ਅੰਮ੍ਰਿਤਧਾਰੀ ਸਿੱਖ। ਜਲੰਧਰ ਦੇ ਦੀਪ ਨਗਰ ਇਲਾਕੇ ਵਿੱਚ ਇੱਕ ਪਰਿਵਾਰ ਅਜਿਹਾ ਹੈ, ਜਿੱਥੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਤਿੰਨ ਹਿੰਦੂ ਨੇ ਤੇ ਇੱਕ ਅੰਮ੍ਰਿਤਧਾਰੀ ਸਿੱਖ ਉੱਜਲ ਸਿੰਘ ਖਾਲਸਾ।
ਇਹ ਪਰਿਵਾਰ ਮੁਰਾਰੀ ਲਾਲ ਦਾ ਹੈ। ਪਿਤਾ ਮੁਰਾਰੀ ਲਾਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਰਿਤੂ ਲਾਲ, ਧੀ ਵਾਨਿਆ ਲਾਲ ਹਿੰਦੂ ਹਨ, ਪਰ ਇਨ੍ਹਾਂ ਦਾ ਪੁੱਤਰ ਉੱਜਲ ਸਿੰਘ ਖਾਲਸਾ, ਜੋ ਕਿ ਅੰਮ੍ਰਿਤਧਾਰੀ ਸਿੱਖ ਹੈ। ਮੁਰਾਰੀ ਲਾਲ ਕੁੱਝ ਸਾਲ ਪਹਿਲਾਂ ਦਿੱਲੀ ਤੋਂ ਆਕੇ ਆਪਣੇ ਪਰਿਵਾਰ ਨਾਲ ਜਲੰਧਰ ਦੇ ਦੀਪ ਨਗਰ ਇਲਾਕੇ ਵਿੱਚ ਵਸ ਗਏ, ਪਰ ਅੱਜ ਉਹ ਖੁਦ ਦਿੱਲੀ ਵਿੱਚ ਹੀ ਨੌਕਰੀ ਕਰਦੇ ਹਨ ਅਤੇ ਪਰਿਵਾਰ ਜਲੰਧਰ ਵਿਚ ਰਹਿੰਦਾ ਹੈ।
ਉੱਜਲ ਸਿੰਘ ਨੂੰ ਸ਼ੁਰੂ ਤੋਂ ਅੰਮ੍ਰਿਤ ਛੱਕ ਕੇ ਸਿੱਖ ਬਣਨ ਦਾ ਚਾਅ ਸੀ :ਉੱਜਲ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਰਿਵਾਰ ਨਾਲ ਮੰਦਿਰ ਅਤੇ ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਦਾ ਰਿਹਾ ਹੈ ਅਤੇ ਉੱਥੇ ਸੇਵਾ ਕਰਦਾ ਸੀ। ਪਰ, ਉਸ ਦਾ ਜਿਆਦਾ ਮਨ ਗੁਰਦੁਆਰੇ ਵਿੱਚ ਲੱਗਦਾ ਸੀ। ਅਕਸਰ ਗੁਰਦੁਆਰੇ ਜਾਕੇ ਜੱਦ ਉੱਥੇ ਆਪਣੇ ਸਿੱਖ ਦੋਸਤਾਂ ਨੂੰ ਦੇਖਦਾ ਸੀ ਤੇ ਉਸ ਨੂੰ ਵੀ ਲੱਗਦਾ ਸੀ ਕਿ ਉਹ ਵੀ ਅੰਮ੍ਰਿਤ ਛੱਕ ਕੇ ਸਿੰਘਾਂ ਦਾ ਬਾਣਾ ਪਾਵੇ। ਇਸ ਬਾਰੇ ਉਸ ਨੇ ਆਪਣੇ ਮਾਤਾ ਪਿਤਾ ਨਾਲ ਜਦੋਂ ਗੱਲ ਕੀਤੀ, ਤਾਂ ਉਸ ਸਮੇਂ ਸਾਹਿਲ ਲਾਲ ਮਹਿਜ਼ ਅਠਵੀਂ ਵਿੱਚ ਪੜ੍ਹਦਾ ਸੀ, ਜਿਸ ਕਾਰਨ ਪਰਿਵਾਰ ਨੇ ਮਨਾ ਕਰ ਦਿੱਤਾ, ਕਿਉਂਕਿ ਉਨ੍ਹਾਂ ਮੁਤਾਬਕ, ਉਮਰ ਘੱਟ ਸੀ, ਉਸ ਸਮੇਂ ਇਹ ਸਿੱਖ ਰਹਿਤ ਮਰਿਆਦਾ ਨੂੰ ਫੋਲੋ ਨਹੀਂ ਕਰ ਸਕਦਾ ਸੀ। ਪਰਿਵਾਰ ਮੁਤਾਬਕ ਬੇਅਦਬੀ ਹੋਣੀ ਚੰਗੀ ਨਹੀਂ। ਫਿਰ ਸਾਹਿਲ ਲਾਲ ਨੇ ਤਿੰਨ ਸਾਲ ਪਹਿਲਾਂ ਦਿੱਲੀ ਵਿਖੇ ਅੰਮ੍ਰਿਤ ਛਕਿਆ ਅਤੇ ਉੱਜਲ ਸਿੰਘ ਖਾਲਸਾ ਬਣਿਆ।
ਰੋਜ਼ ਨਿੱਤ ਨੇਮ ਤੋਂ ਸ਼ੁਰੂ ਹੁੰਦਾ ਹੈ ਦਿਨ: ਉੱਜਲ ਸਿੰਘ ਖਾਲਸਾ ਹੁਣ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਦਾ ਹੈ। ਉਸ ਨੇ ਦੱਸਿਆ ਕਿ ਹੁਣ ਉਹ ਰੋਜ਼ ਸਵੇਰੇ ਉਠਕੇ ਨਿੱਤ ਨੇਮ ਕਰਦਾ ਹੈ ਅਤੇ ਰਹਿਤ ਮਰਿਯਾਦਾ ਦਾ ਪੂਰਾ ਖਿਆਲ ਰੱਖਦਾ ਹੈ। ਉਸ ਦੇ ਮੁਤਾਬਕ ਸ਼ੁਰੂ ਸ਼ੁਰੂ ਵਿੱਚ ਜੱਦ ਉਹ ਬਿਮਾਰ ਹੋਇਆ, ਤਾਂ ਕਈ ਵਾਰ ਜੇ ਇੱਕ ਦਿਨ ਪਾਠ ਨਹੀਂ ਕਰ, ਸਕਿਆ ਤਾਂ ਦੂਜੇ ਦਿਨ ਦੋ ਵਾਰ ਪਾਠ ਕਰਦਾ ਸੀ, ਪਾਵੇਂ ਜਿੰਨਾ ਮਰਜੀ ਸਮਾਂ ਲੱਗ ਜਾਵੇ। ਉਹ ਪੂਰੀ ਤਰ੍ਹਾਂ ਨਿਹੰਗ ਬਾਣੇ ਵਿੱਚ ਰਹਿੰਦਾ ਹੈ।
ਪੂਰਾ ਪਰਿਵਾਰ ਵਲੋਂ ਸਾਥ : ਉੱਜਲ ਸਿੰਘ ਖਾਲਸਾ ਦੀ ਮਾਂ ਰਿਤੂ ਲਾਲ ਦੱਸਦੀ ਹੈ ਕਿ ਉਹ ਖੁਦ ਦਿੱਲੀ ਤੋਂ ਹੈ। ਇੱਕ ਪੜ੍ਹੀ ਲਿਖੀ ਮਾਂ ਹੋਣ ਕਰਕੇ ਉਨ੍ਹਾਂ ਨੇ ਕਦੇ ਆਪਣੇ ਬੱਚਿਆਂ ਨੂੰ ਕੁੱਝ ਵੀ ਕਰਨ ਤੋਂ ਰੋਕਿਆ ਨਹੀਂ, ਬਸ ਇਸ ਚੀਜ਼ ਦਾ ਖਿਆਲ ਰੱਖਿਆ ਕਿ ਬੱਚੇ ਜੋ ਵੀ ਕਰ ਰਹੇ ਹਨ, ਉਹ ਗ਼ਲਤ ਨਾ ਹੋਵੇ। ਰਿਤੂ ਲਾਲ ਦੱਸਦੀ ਹੈ ਕਿ ਉੱਜਲ ਉਨ੍ਹਾਂ ਨੂੰ ਬਚਪਨ ਤੋਂ ਹੀ ਕਹਿੰਦਾ ਸੀ ਕਿ ਉਹ ਸਿੱਖ ਬਣਨਾ ਚਾਉਂਦਾ ਹੈ। ਰਿਤੂ ਮੁਤਾਬਕ, ਉਨ੍ਹਾਂ ਵੱਲੋਂ ਕਦੇ ਵੀ ਇਸ ਕੰਮ ਲਈ ਉਸ ਨੂੰ ਮਨਾ ਨਹੀਂ ਕੀਤਾ ਗਿਆ। ਛੋਟੇ ਹੁੰਦੇ ਨੂੰ ਸਿਰਫ ਇਹ ਕਿਹਾ ਸੀ ਕਿ ਥੋੜਾ ਵੱਡਾ ਹੋ ਕੇ ਅੰਮ੍ਰਿਤ ਛਕ ਲਈ, ਕਿਉਂਕਿ ਉਹ ਨਹੀਂ ਚਾਉਂਦੇ ਸੀ ਕਿ ਬੱਚਾ ਅੰਮ੍ਰਿਤ ਛੱਕ ਕੇ ਕੋਈ ਬੇਅਦਬੀ ਕਰ ਬੈਠੇ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਬੇਟਾ ਇੱਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਸ ਉੱਤੇ ਪੂਰਾ ਮਾਣ ਹੈ। ਉਹ ਰੋਜ਼ ਪਾਠ ਕਰਦਾ ਹੈ ਅਤੇ ਪੂਰੀ ਰਹਿਤ ਮਰਿਆਦਾ ਦਾ ਪਾਲਣ ਕਰਦਾ ਹੈ।
ਪਰਿਵਾਰ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ :ਉੱਜਲ ਸਿੰਘ ਖਾਲਸਾ ਦੀ ਮਾਂ ਰਿਤੂ ਲਾਲ ਦੱਸਦੀ ਹੈ ਕਿ ਜਦੋਂ ਉੱਜਲ ਨੇ ਅੰਮ੍ਰਿਤ ਛੱਕਣ ਦੀ ਗੱਲ ਕੀਤੀ ਅਤੇ ਇਸ ਦਾ ਲੋਕਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਬਹੁਤ ਗੱਲਾਂ ਕੀਤੀਆਂ, ਪਰ ਪਰਿਵਾਰ ਨੇ ਲੋਕਾਂ ਦੀਆਂ ਗੱਲਾਂ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ। ਰਿਤੂ ਲਾਲ ਦੇ ਮੁਤਾਬਿਕ ਅੱਜ ਉਨ੍ਹਾਂ ਦਾ ਇੱਕ ਬੱਚਾ ਸਿੱਖ ਹੈ ਤੇ ਇੱਕ ਹਿੰਦੂ। ਲੋਕ ਕੀ ਕਹਿੰਦੇ ਹਨ, ਇਸ ਨਾਲ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚੇ ਕੋਈ ਗ਼ਲਤ ਕੰਮ ਨਹੀਂ ਕਰਦੇ। ਉਨ੍ਹਾਂ ਮੁਤਾਬਕ ਇਨਸਾਨ ਨੂੰ ਇੱਕ ਚੰਗਾ ਇਨਸਾਨ ਬਣਨਾ ਚਾਹੀਦਾ ਹੈ, ਧਰਮ ਪਾਵੇਂ ਕੋਈ ਵੀ ਹੋਵੇ।