ਜਲੰਧਰ: "ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ", ਕਿਸੇ ਗਾਇਕ ਦੀਆਂ ਇਨ੍ਹਾਂ ਲਾਈਨਾਂ ਨੂੰ ਜਲੰਧਰ ਦੇ ਇੱਕ ਜੋੜੇ ਨੇ ਸੱਚ ਕਰਕੇ ਦਿਖਾਇਆ ਹੈ। ਹਾਲਾਂਕਿ ਇਸ ਜੋੜੇ ਵਿੱਚ ਪਤੀ ਦੀ ਉਮਰ 73 ਸਾਲ ਹੈ ਅਤੇ ਪਤਨੀ ਦੀ ਉਮਰ 64 ਸਾਲ ਹੈ, ਪਰ ਬਾਵਜੂਦ ਇਸ ਦੇ, ਇਨ੍ਹਾਂ ਵੱਲੋਂ ਕੀਤੇ ਸਟੰਟ ਨੂੰ ਦੇਖਦੇ ਹੋਏ, ਇਨ੍ਹਾਂ ਨੂੰ ਬਜ਼ੁਰਗ ਕਹਿਣ 'ਤੇ ਖੁਦ ਇਹ ਜੋੜਾ ਬੁਰਾ ਮੰਨ ਜਾਂਦਾ ਹੈ। ਜਲੰਧਰ ਦਾ ਇਹ ਜੋੜਾ ਡਾਕਟਰ ਬਲਬੀਰ ਸਿੰਘ ਭੌਰਾ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਪੁਸ਼ਪਿੰਦਰ ਕੌਰ ਹੈ। ਪੇਸ਼ੇ ਤੋਂ ਇਹ ਦੋਨੋ ਅੱਖਾਂ ਦੇ ਸਪੈਸ਼ਲਿਸਟ ਹਨ। ਇਨ੍ਹਾਂ ਦੇ ਹੌਸਲੇ ਇਸ ਉਮਰ ਵਿੱਚ ਵੀ ਇਸ ਕਦਰ ਬੁਲੰਦ ਨੇ ਕਿ ਇਨ੍ਹਾਂ ਦੇ ਕਾਰਨਾਮੇ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕੁਝ ਦਿਨ ਪਹਿਲਾਂ ਇਨ੍ਹਾਂ ਨੇ ਉਹ ਕਰਕੇ ਦਿਖਾਇਆ ਜਿਸ ਨੂੰ ਕਰਨ ਤੋਂ ਪਹਿਲਾ ਇਕ ਵਾਰ ਤਾਂ ਨੌਜਵਾਨਾਂ ਦੇ ਵੀ ਸਰੀਰ ਕੰਬ ਜਾਂਦੇ ਹਨ ਅਤੇ ਹੌਂਸਲਾ ਜਵਾਬ ਦੇ ਜਾਂਦਾ ਹੈ।ਇਸ ਜੋੜੇ ਨੇ 15000 ਫੁੱਟ ਤੋਂ ਸਕਾਈ ਡਾਇਵਿੰਗ ਕੀਤੀ ਹੈ।
ਪਿਛਲੇ 40 ਸਾਲਾਂ ਦਾ ਸੀ ਸਪਨਾ, ਹੁਣ ਪੂਰਾ ਹੋਇਆ : ਡਾਕਟਰ ਬਲਬੀਰ ਸਿੰਘ ਦੱਸਦੇ ਨੇ ਕਿ ਉਨ੍ਹਾਂ ਦਾ ਸਕਾਈ ਡਾਇਵਿੰਗ ਦਾ ਇਹ ਸੁਪਨਾ ਬਹੁਤ ਪੁਰਾਨਾ ਸੀ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਕਿਸੇ ਦੋਸਤ ਨੇ ਦੱਸਿਆ ਸੀ ਕਿ ਵਿਦੇਸ਼ ਵਿਚ ਉਨ੍ਹਾਂ ਦੇ ਬੱਚੇ ਸਕਾਈ ਡਾਇਵਿੰਗ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਦਿਲ ਵਿੱਚ ਵੀ ਇਸ ਨੂੰ ਕਰਨ ਦਾ ਸ਼ੌਕ ਪੈਦਾ ਹੋਇਆ, ਪਰ ਪੰਜਾਬ ਵਿਚ ਇਹ ਮੁਮਕਿਨ ਨਹੀਂ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰ ਜਾਣਕਾਰੀ ਹਾਸਿਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਹਰਿਆਣਾ ਵਿਖੇ ਇਕ ਨਰਨੂਆਲ ਫਲਾਇੰਗ ਕਲੱਬ ਹੈ ਜਿੱਥੇ ਸਕਾਈ ਡਾਇਵਿੰਗ ਕਰਾਈ ਜਾਂਦੀ ਹੈ। ਇਸ ਤੋਂ ਬਾਅਦ ਪੂਰੀ ਜਾਣਕਾਰੀ ਹਾਸਿਲ ਕਰ ਉਹ ਆਪਣੀ ਪਤਨੀ ਤੇ ਇੱਕ ਜੂਨੀਅਰ ਡਾਕਟਰ ਨਾਲ ਨਰਨੂਆਲ ਫਲਾਈਂਗ ਕਲੱਬ ਪਹੁੰਚੇ, ਜਿੱਥੇ ਪਹਿਲਾ ਉਨ੍ਹਾਂ ਨੂੰ ਸਕਾਈ ਡਾਇਵਿੰਗ ਬਾਰੇ ਬ੍ਰੀਫ ਕੀਤਾ ਗਿਆ ਜਿਸ ਤੋਂ ਬਾਅਦ ਉਹ "ਸੈਸਨਾ 172" ਨਾਮ ਦੇ ਜਹਾਜ ਰਾਹੀਂ ਜਮੀਨ ਤੋਂ 15000 ਫੀਟ ਉੱਪਰ ਹਵਾ ਵਿਚ ਪਹੁੰਚੇ ਅਤੇ ਸਕਾਈ ਡਾਇਵਿੰਗ ਕੀਤੀ।
ਸਕਾਈ ਡਾਇਵਿੰਗ ਕਰਨ ਲਈ ਪਤਨੀ ਨੇ ਵੀ ਕੀਤੀ ਇੱਛਾ ਜ਼ਾਹਿਰ: ਡਾਕਟਰ ਬਲਬੀਰ ਸਿੰਘ ਮੁਤਾਬਕ ਜਦ ਉਨ੍ਹਾਂ ਨੇ ਘਰ ਵਿਚ ਸਕਾਈ ਡਾਈਵਿੰਗ ਬਾਰੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਪਤਨੀ ਵੱਲੋਂ ਵੀ ਸਕਾਈ ਡਾਈਵਿੰਗ ਕਰਨ ਦੀ ਇੱਛਾ ਜ਼ਾਹਿਰ ਕੀਤੀ ਗਈ। ਉਨ੍ਹਾਂ ਮੁਤਾਬਕ ਜਦ ਪਤਨੀ ਡਾਕਟਰ ਪੁਸ਼ਪਿੰਦਰ ਕੌਰ ਨੇ ਖੁਦ ਉਸ ਦੀ ਸਕਾਈ ਡਾਈਵਿੰਗ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਹ ਆਪਣੇ ਨਾਲ ਉੱਥੇ ਲੈ ਕੇ ਗਏ। ਉਨ੍ਹਾਂ ਨੇ ਦੱਸਿਆ ਕਿ ਜਦ ਜਹਾਜ਼ 15000 ਫ਼ੀਟ ਦੀ ਉਚਾਈ 'ਤੇ ਪਹੁੰਚਿਆ ਤਾਂ ਸਭ ਤੋਂ ਪਹਿਲੇ ਉਸ ਇਨਸਾਨ ਨੂੰ ਡਾਇਵ ਕਰਨ ਲਈ ਕਿਹਾ ਗਿਆ ਜਿਸ ਦਾ ਵਜ਼ਨ ਸਭ ਤੋਂ ਘੱਟ ਸੀ। ਇਸ ਨੂੰ ਵੇਖਦੇ ਹੋਏ ਸਭ ਤੋਂ ਪਹਿਲਾ ਉਨ੍ਹਾਂ ਦੀ ਪਤਨੀ ਡਾਕਟਰ ਪੁਸ਼ਪਿੰਦਰ ਕੌਰ ਨੂੰ ਸਕਾਈ ਡਾਈਵਿੰਗ ਲਈ ਜਹਾਜ਼ ਚੋਂ ਛਾਲ ਮਾਰਨ ਲਈ ਕਿਹਾ ਗਿਆ।