ਜਲੰਧਰ: ਸੁਪਨੇ ਦੇਖਣਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨਾ ਪੰਜਾਬ ਦੇ ਲੋਕਾਂ ਦੇ ਖ਼ੂਨ ਵਿੱਚ ਹੀ ਹੈ ਪਰ ਜਦੋਂ ਬਿਲਕੁਲ ਘੱਟ ਸਮੇਂ ਵਿੱਚ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਨਤੀਜਾ ਉਲਟਾ ਹੋ ਜਾਂਦਾ ਹੈ।
ਪੰਜਾਬ ਦੇ ਪਿੰਡਾਂ ਵਿੱਚ ਬਣਾਈਆਂ ਐਨਆਰਆਈ ਲੋਕਾਂ ਦੀਆਂ ਮਹਿਲ ਵਰਗੀਆਂ ਕੋਠੀਆਂ ਉਨ੍ਹਾਂ ਲੋਕਾਂ ਦਾ ਇੱਕ ਸੁਪਨਾ ਸੀ ਜੋ ਉਨ੍ਹਾਂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਪੂਰਾ ਕੀਤਾ। ਅੱਜ ਇਹ ਕੋਠੀਆਂ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਲੋਕਾਂ ਵਾਂਗ ਸੁਪਨੇ ਦਿਖਾ ਰਹੀਆਂ ਹਨ। ਪੰਜਾਬ ਦੇ ਨੌਜਵਾਨ ਇਨ੍ਹਾਂ ਕੋਠੀਆਂ ਨੂੰ ਵੇਖ ਸੋਚਦੇ ਹਨ ਕਿ ਉਹ ਵੀ ਛੇਤੀ ਵਿਦੇਸ਼ ਜਾ ਕੇ ਮਿਹਨਤ ਕਰਕੇ ਆਪਣੇ ਪਿੰਡ ਵਿੱਚ ਅਜਿਹਾ ਮਹਿਲ ਬਣਵਾਉਣਗੇ।
ਦੂਜੇ ਪਾਸੇ ਜਾਲ ਵਿਛਾ ਕੇ ਬੈਠੇ ਫਰਜ਼ੀ ਏਜੰਟ ਇਨ੍ਹਾਂ ਦੇ ਸੁਪਨਿਆਂ ਨੂੰ ਤੋੜ ਰਹੇ ਹਨ। ਅੱਜ ਜਦੋਂ ਅਸੀਂ ਇਸ ਬਾਰੇ ਇੱਕ ਪਿੰਡ ਦੇ ਕੁਝ ਨੌਜਵਾਨਾਂ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਇਨ੍ਹਾਂ ਕੋਠੀਆਂ ਨੂੰ ਵੇਖ ਛੇਤੀ ਹੀ ਇਸ ਤਰ੍ਹਾਂ ਦੀਆਂ ਆਪਣੀਆਂ ਕੋਠੀਆਂ ਬਣਾਉਣ ਦੇ ਲਾਲਚ ਵਿੱਚ ਵਿਦੇਸ਼ ਦਾ ਰੁੱਖ ਕਰਦੇ ਹਨ।
ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਨੌਜਵਾਨ ਇਹ ਸੋਚ ਰੱਖਦੇ ਹਨ ਪਰ ਨਾਲ ਹੀ ਹੁਣ ਨੌਜਵਾਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਸ ਲਈ ਉਹ ਗ਼ਲਤ ਏਜੰਟ ਦੇ ਚੱਕਰ ਵਿੱਚ ਨਾ ਫਸਣ। ਜੇ ਉਹ ਵਿਦੇਸ਼ ਜਾ ਕੇ ਇਸ ਤਰ੍ਹਾਂ ਦੇ ਮਹਿਲ ਬਣਾਉਣਾ ਚਾਹੁੰਦੇ ਹਨ ਤਾਂ ਇਸ ਗੱਲ ਦਾ ਖਿਆਲ ਜ਼ਰੂਰ ਰੱਖਣ ਕਿ ਜਿਨ੍ਹਾਂ ਲੋਕਾਂ ਨੇ ਇਹ ਮਹਿਲ ਬਣਾਏ ਹੋਏ ਹਨ ਉਨ੍ਹਾਂ ਦੀ ਇਸ ਪਿੱਛੇ ਕਈ ਸਾਲਾਂ ਦੀ ਮਿਹਨਤ ਹੈ।
ਉਨ੍ਹਾਂ ਇਹ ਮਹਿਲ ਮਹਿਜ਼ ਆਪਣੇ ਪਿੰਡ ਵਿੱਚ ਇਸ ਲਈ ਬਣਾਏ ਹਨ ਕਿਉਂਕਿ ਉਹ ਆਪਣੇ ਪਿਛੋਕੜ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਹੈ ਕਿ ਪਿੰਡ ਦੇ ਲੋਕ ਇਨ੍ਹਾਂ ਮਹਿਲ ਨੁਮਾ ਕੋਠੀਆਂ ਨੂੰ ਵੇਖ ਕੇ ਗ਼ਲਤ ਢੰਗ ਨਾਲ ਇਨ੍ਹਾਂ ਨੂੰ ਬਣਾਉਣ ਦੇ ਸੁਪਨੇ ਲੈ ਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਬਰਬਾਦ ਕਰ ਲੈਣ।