ਜਲੰਧਰ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਲਗਾਏ ਗਏ ਵੱਡੇ-ਵੱਡੇ ਹੋਰਡਿੰਗ ਅਤੇ ਬੈਨਰ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਹੋਰਡਿੰਗਾਂ ਅਤੇ ਬੈਨਰਾ ਉੱਤੇ ਜੋ ਭਾਸ਼ਾ ਵਰਤੀ ਗਈ ਹੈ ਉਹ ਅੰਗਰੇਜ਼ੀ ਹੈ, ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਹੀ ਛੋਟੇ ਅੱਖਰਾਂ ਵਿੱਚ ਕੀਤੀ ਗਈ ਹੈ।
ਚਰਚਾ ਇਸ ਗੱਲ ਨੂੰ ਲੈ ਕੇ ਭਖ ਰਹੀ ਹੈ ਕਿ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਲਿਖੀ ਬਾਣੀ ਦਾ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਨਾਲ ਖ਼ਾਸ ਸਬੰਧ ਹੈ ਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਪ੍ਰਣਾਮ ਕਰਦਿਆਂ ਲਗਾਏ ਇਨ੍ਹਾਂ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।