ਜਲੰਧਰ: ਕੋਰੋਨਾ ਦੌਰਾਨ ਪਿਛਲੇ 6 ਮਹੀਨਿਆਂ ਤੋਂ ਮੈਡੀਕਲ ਗੈਜੇਟਸ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੋਰੋਨਾ ਮਹਾਂਮਾਰੀ ਦੌਰਾਨ ਕੋਰੋਨਾ ਸਬੰਧੀ ਇਹਤਿਆਤ ਵਰਤਣ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਮਿਲੀਆਂ ਹਦਾਇਤਾਂ ਤਹਿਤ ਫੇਸ ਮਾਸਕ ਦੀ ਵਰਤੋਂ ਤੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੋਕਾਂ ਨੇ ਇਹਤਿਆਤ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਤੱਕ ਕਿ ਲੋਕ ਜਿੱਥੇ ਪਹਿਲਾਂ ਡਾਕਟਰ ਕੋਲ ਜਾ ਕੇ ਆਪਣਾ ਬੁਖਾਰ, ਬਲੱਡ ਪਰੈਸ਼ਰ ਤੇ ਸ਼ੂਗਰ ਚੈੱਕ ਕਰਵਾਉਂਦੇ ਸਨ ਪਰ ਹੁਣ ਲੋਕਾਂ ਨੇ ਇਹਤਿਆਤ ਵਰਤਦਿਆਂ ਹੋਇਆਂ ਘਰਾਂ ਵਿੱਚ ਹੀ ਥਰਮਾਮੀਟਰ ਤੇ ਬੀਪੀ ਚੈਕ ਕਰਨ ਵਾਲੀਆਂ ਮਸ਼ੀਨਾਂ, ਮਾਸਕ ਤੇ ਸੈਨੇਟਾਈਜ਼ਰ ਰੱਖਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕ ਵੱਧ ਤੋਂ ਵੱਧ ਇਸ ਦੀ ਖ਼ਰੀਦ ਕਰ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਜਲੰਧਰ ਦੀ ਦਿਲਕੁਸ਼ ਮਾਰਕਿਟ ਵਿੱਚ ਸਥਿਤ ਮੈਡੀਕਲ ਸਟੋਰ ਦੇ ਕੈਮਿਸਟ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਪਹਿਲਾਂ ਜਿੱਥੇ ਫੇਸ ਮਾਸਕ ਵਰਗੀਆਂ ਚੀਜ਼ਾਂ ਦੀ 20 ਫ਼ੀਸਦੀ ਵੀ ਮੁਸ਼ਕਲ ਨਾਲ ਖ਼ਰੀਦ ਹੁੰਦੀ ਸੀ, ਹੁਣ ਉਹ ਡਬਲ ਤੋਂ ਟ੍ਰਿਪਲ ਹੋ ਕੇ 80 ਫ਼ੀਸਦੀ ਹੋਣ ਲੱਗ ਗਈ ਹੈ।