ਜਲੰਧਰ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਿਭਾ ਰਹੀ ਹੈ, ਉਥੇ ਹੀ ਦੂਜੇ ਪਾਸੇ ਇਨ੍ਹਾਂ ਨਾਕਿਆਂ 'ਤੇ ਖੜ੍ਹੇ ਮੁਲਾਜ਼ਮਾਂ ਨਾਲ ਰਸੂਖਦਾਰ ਲੋਕਾਂ ਦਾ ਗਲਤ ਵਿਹਾਰ ਲਗਾਤਾਰ ਜਾਰੀ ਹੈ।
ਅਜਿਹੀ ਹੀ ਇੱਕ ਘਟਨਾ ਐਤਵਾਰ ਨੂੰ ਜਲੰਧਰ ਦੇ ਮਾਡਲ ਹਾਊਸ ਇਲਾਕੇ ਵਿੱਚ ਮਾਤਾ ਰਾਣੀ ਚੌਕ ਵਿਖੇ ਹੋਈ, ਜਿੱਥੇ ਨਾਕੇ 'ਤੇ ਖੜ੍ਹੇ ਇੱਕ ਸਬ ਇੰਸਪੈਕਟਰ ਭੂਸ਼ਣ ਕੁਮਾਰ ਨਾਲ ਇੱਕ ਰਸੂਖਦਾਰ ਵਿਅਕਤੀ ਨੇ ਨਾ ਸਿਰਫ਼ ਗਲਤ ਵਿਵਹਾਰ ਕੀਤਾ ਬਲਕਿ ਆਪਣੀ ਗੱਡੀ ਉਸ ਦੇ ਪੈਰ ਉੱਪਰ ਚੜ੍ਹਾ ਕੇ ਉਸ ਦੇ ਪੈਰਾਂ ਨੂੰ ਜ਼ਖਮੀ ਵੀ ਕਰ ਦਿੱਤਾ।
ਇਸ ਬਾਰੇ ਦੱਸਦੇ ਹੋਏ ਜ਼ਖਮੀ ਸਬ ਇੰਸਪੈਕਟਰ ਭੂਸ਼ਣ ਕੁਮਾਰ ਨੇ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਚੱਲਦਿਆਂ ਉਹ ਮਾਤਾ ਰਾਣੀ ਚੌਕ ਵਿਖੇ ਨਾਕੇ 'ਤੇ ਖੜ੍ਹਾ ਸੀ, ਜਿੱਥੇ ਇੱਕ ਵਿਅਕਤੀ ਗੱਡੀ ਲੈ ਕੇ ਆਇਆ, ਜਿਸ ਦੇ ਬੈਲਟ ਨਹੀਂ ਲਗਾਈ ਹੋਈ ਸੀ। ਜਦ ਇਸ ਵਿਅਕਤੀ ਨੂੰ ਉਸ ਨੇ ਰੋਕ ਕੇ ਬੈਲਟ ਨਾ ਲਗਾਉਣ ਦਾ ਕਾਰਨ ਪੁੱਛਿਆ ਤਾਂ ਇਸ ਨੇ ਬਜਾਏ ਪੁਲਿਸ ਨੂੰ ਸਹੀ ਜਵਾਬ ਦੇਣ ਅਤੇ ਕਾਗਜ਼ ਦਿਖਾਉਣ ਦੇ ਉਸ ਨੂੰ ਇਲਾਕੇ ਦੇ ਕਾਂਗਰਸੀ ਵਿਧਾਇਕ ਦਾ ਜਾਣਕਾਰ ਹੋਣ ਦੀ ਧਮਕੀ ਦੇਣ ਲੱਗਾ ਅਤੇ ਆਪਣੀ ਗੱਡੀ ਉਸ ਦੇ ਪੈਰ ਉੱਪਰ ਚੜ੍ਹਾ ਕੇ ਉਥੋਂ ਚਲਾ ਗਿਆ, ਜਿਸ ਤੋਂ ਬਾਅਦ ਭੂਸ਼ਣ ਕੁਮਾਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜੋ: ਬਹਿਬਲ ਕਲਾਂ ਗੋਲੀਕਾਂਡ: ਪੰਕਜ ਬਾਂਸਲ ਤੇ ਸੁਹੇਲ ਬਰਾੜ ਨੂੰ 24 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਭੂਸ਼ਣ ਕੁਮਾਰ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੇ ਨਾਲ ਹੋਈ ਇਸ ਘਟਨਾ ਦੀ ਜਾਣਕਾਰੀ ਆਪਣੇ ਸੀਨੀਅਰ ਅਫਸਰਾਂ ਨੂੰ ਦਿੱਤੀ ਲੇਕਿਨ ਬਜਾਏ ਦੋਸ਼ੀ ਉੱਪਰ ਕਾਰਵਾਈ ਕਰਨ ਦੇ ਸੀਨੀਅਰ ਅਫ਼ਸਰਾਂ ਵੱਲੋਂ ਉਸਦਾ ਹੀ ਨਾਕਾ ਉਸ ਜਗ੍ਹਾ ਤੋਂ ਬਦਲ ਕੇ ਦੂਸਰੀ ਜਗ੍ਹਾ ਲਗਾ ਦਿੱਤਾ ਗਿਆ, ਜਿਸ ਤੋਂ ਬਾਅਦ ਜਦ ਇਸ ਗੱਲ ਦਾ ਮੀਡੀਆ ਵਿੱਚ ਪਤਾ ਲੱਗਾ ਤਾਂ ਉਸਦੇ ਨਾਕੇ ਨੂੰ ਫਿਰ ਬਦਲ ਕੇ ਮਾਤਾ ਰਾਣੀ ਚੌਕ ਵਿਖੇ ਲਗਾਇਆ ਗਿਆ। ਜਦੋਂ ਇਸ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।