ਜਲੰਧਰ:ਆਪਣਾ ਰੁਜ਼ਗਾਰ ਅਤੇ ਨੌਕਰੀ ਦੀ ਭਾਲ ਲਈ ਹਰ ਸਾਲ ਲੱਖਾਂ ਪਰਵਾਸੀ ਮਜ਼ਦੂਰ ਪੰਜਾਬ ਵਿੱਚ ਆਉਂਦੇ ਹਨ। ਇੱਥੇ ਤੱਕ ਕੇ ਹੁਣ ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰ ਤੱਕ ਪੰਜਾਬ ਚ ਆ ਕੇ ਵੱਸ ਚੁੱਕੇ ਹਨ। ਪਰ ਅੱਜ ਤੋਂ ਦੋ ਸਾਲ ਪਹਿਲਾਂ ਜਦੋ ਕੋਰੋਨਾ ਆਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਖੁਦ ਅਤੇ ਆਪਣੇ ਪਰਿਵਾਰਾਂ ਸਮੇਤ ਆਪਣੇ-ਆਪਣੇ ਪ੍ਰਦੇਸ਼ ਵਾਪਸ ਚਲੇ ਗਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਆਉਣ ਜਾਣ ਵਿੱਚ ਅਤੇ ਆਪਣੇ ਘਰ ਵਾਪਸ ਪਰਤਣ ਤੋਂ ਬਾਅਦ ਹੋਰ ਜ਼ਿਆਦਾ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀਂ ਜਦੋ ਕੋਰੋਨਾ ਘਟਿਆ ਤਾਂ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਆਉਣ ਲਈ ਵੀ ਹਜ਼ਾਰਾਂ ਰੁਪਏ ਖਰਚਣੇ ਪਏ।
ਜਲੰਧਰ ਕੀਤੀ ਜਾਵੇ ਜਲੰਧਰ ਦੀ ਤਾਂ ਇੱਥੇ ਕਰੀਬ ਡੇਢ ਲੱਖ ਮਜ਼ਦੂਰ ਅਤੇ ਇਨ੍ਹਾਂ ਦੇ ਪਰਿਵਾਰ ਇੱਥੇ ਰਹਿ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ। ਇਨ੍ਹਾਂ ਸਾਰੇ ਮਜ਼ਦੂਰਾਂ ਦਾ ਇੱਥੇ ਜਾਂ ਤਾਂ ਕੋਈ ਆਪਣਾ ਛੋਟਾ ਮੋਟਾ ਵਪਾਰ ਹੈ ਜਾਂ ਫਿਰ ਵੱਡੀ ਗਿਣਤੀ ਵਿਚ ਇਹ ਲੋਕ ਜਲੰਧਰ ਦੀਆਂ ਫੈਕਟਰੀਆਂ ਅਤੇ ਹੋਰ ਜਗ੍ਹਾ ’ਤੇ ਨੌਕਰੀਆਂ ਕਰਦੇ ਹਨ। ਦੋ ਸਾਲ ਪਹਿਲਾਂ ਕੋਰੋਨਾ ਕਾਰਨ ਇਨ੍ਹਾਂ ਵਿਚੋਂ ਕਈ ਅਜਿਹੇ ਮਜ਼ਦੂਰ ਸੀ ਜੋ ਇਸ ਡਰ ਤੋਂ ਇੱਥੋ ਚਲੇ ਗਏ ਸੀ ਕਿ ਕਿਧਰੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਇੱਥੇ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਹਾਲਾਤ ਇੱਥੋਂ ਤੱਕ ਬਣ ਗਏ ਕਿ ਇਨ੍ਹਾਂ ਮਜ਼ਦੂਰਾਂ ਨੇ ਆਪਣੇ ਪਿੰਡਾਂ ਵਿੱਚ ਵਾਪਸ ਜਾਣ ਲਈ ਕੋਈ ਸਾਧਨ ਨਾ ਹੋਣ ਦੇ ਬਾਵਜੂਦ ਪੈਦਲ ਚੱਲਣਾ ਹੀ ਮੁਨਾਸਿਬ ਸਮਝਿਆ। ਪਰ ਜਦੋ ਇਹ ਲੋਕ ਆਪਣੇ ਆਪਣੇ ਪਿੰਡ ਪਹੁੰਚੇ ਤਾਂ ਉੱਥੇ ਹਾਲਾਤ ਹੋਰ ਵੀ ਬਦ ਤੋਂ ਬਦਤਰ ਹੋ ਗਏ। ਆਖ਼ਿਰ ਥੋੜ੍ਹੇ ਹਾਲਾਤ ਠੀਕ ਹੋਣ ਤੋਂ ਬਾਅਦ ਇਨ੍ਹਾਂ ਨੇ ਫਿਰ ਤੋਂ ਪੰਜਾਬ ਆ ਕੇ ਕੰਮ ਕਰਨਾ ਹੀ ਮੁਨਾਸਿਬ ਸਮਝਿਆ। ਇਸ ਦੌਰਾਨ ਮਜ਼ਦੂਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।